ਮੈਲਬਰਨ : Middle East ’ਚ ਈਰਾਨ ਅਤੇ ਅਮਰੀਕਾ ਵਿਚਾਲੇ ਵਧਦੇ ਤਣਾਅ ਅਤੇ Strait of Hormuz ’ਤੇ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਕਾਰਨ ਕੱਚੇ ਤੇਲ ਦੀਆਂ ਕੀਮਤਾਂ ’ਚ 10 ਫੀਸਦੀ ਤੋਂ ਵੱਧ ਦਾ ਉਛਾਲ ਆਇਆ ਹੈ। International Monetary Fund (IMF) ਨੇ ਚਿਤਾਵਨੀ ਦਿੱਤੀ ਹੈ ਕਿ ਪਿਛਲੇ ਪੰਜ ਦਹਾਕਿਆਂ ਦੇ ਇਸ ਸਭ ਤੋਂ ਵੱਡੇ ਸਪਲਾਈ ਝਟਕੇ ਨੂੰ ਰੋਕਣ ਲਈ ਵਰਤੇ ਗਏ ਗਲੋਬਲ ਤੇਲ ਭੰਡਾਰ ਹੁਣ ਲਗਭਗ ਅੱਧੇ ਰਹਿ ਗਏ ਹਨ ਅਤੇ ਤੇਜ਼ੀ ਨਾਲ ਖ਼ਤਮ ਹੋ ਰਹੇ ਹਨ।
Commonwealth Bank ਦੇ ਵਿਸ਼ਲੇਸ਼ਕ Vivek Dhar ਮੁਤਾਬਕ, ਜੇਕਰ Strait of Hormuz ਲੰਬੇ ਸਮੇਂ ਤੱਕ ਬੰਦ ਰਹਿੰਦਾ ਹੈ, ਤਾਂ Brent oil ਦੀਆਂ ਕੀਮਤਾਂ 100 ਤੋਂ 150 ਅਮਰੀਕੀ ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦੀਆਂ ਹਨ। ਹਾਲਾਂਕਿ, Rabobank ਦੇ ਮਾਹਰਾਂ ਦਾ ਮੰਨਣਾ ਹੈ ਕਿ ਏਸ਼ੀਆ ਵਿੱਚ ਘਟਦੀ ਮੰਗ ਅਤੇ ਹੋਰ ਦੇਸ਼ਾਂ ਵਿੱਚ ਵਧੇ ਉਤਪਾਦਨ ਕਾਰਨ ਕੀਮਤਾਂ 80 ਅਮਰੀਕੀ ਡਾਲਰ ਦੇ ਆਸ-ਪਾਸ ਸਥਿਰ ਰਹਿ ਸਕਦੀਆਂ ਹਨ।
ਆਸਟ੍ਰੇਲੀਆ ’ਚ ਸਪਲਾਈ ਚੇਨ ਦੇ ਮਾਹਰ Professor Daniel Prior ਅਤੇ Professor Kannan Govindan ਅਨੁਸਾਰ, Singapore ਅਤੇ Malaysia ਵਰਗੇ ਦੇਸ਼ਾਂ ਨਾਲ ਹੋਏ ਸਮਝੌਤਿਆਂ ਅਤੇ Strategic Reserves ਕਾਰਨ ਦੇਸ਼ ਕੋਲ ਫਿਲਹਾਲ 41 ਦਿਨਾਂ ਦਾ ਪੈਟਰੋਲ ਅਤੇ 37 ਦਿਨਾਂ ਦਾ ਡੀਜ਼ਲ ਭੰਡਾਰ ਮੌਜੂਦ ਹੈ, ਜਿਸ ਕਾਰਨ ਤੁਰੰਤ ਘਬਰਾਉਣ ਦੀ ਲੋੜ ਨਹੀਂ ਹੈ।
ਪਰ ਆਸਟ੍ਰੇਲੀਆਈ ਡਰਾਈਵਰਾਂ ਲਈ ਵੱਡੀ ਚਿੰਤਾ 2 ਅਗਸਤ ਨੂੰ ਖ਼ਤਮ ਹੋ ਰਹੀ ਫ਼ੈਡਰਲ ਸਰਕਾਰ ਦੀ fuel excise discount ਹੈ। ਇਸ ਕਟੌਤੀ ਦੇ ਖ਼ਤਮ ਹੋਣ ਨਾਲ ਪੈਟਰੋਲ ਦੀਆਂ ਕੀਮਤਾਂ ਵਿੱਚ ਸਿੱਧਾ 16 ਸੈਂਟ ਪ੍ਰਤੀ ਲੀਟਰ ਦਾ ਵਾਧਾ ਹੋਵੇਗਾ, ਜਿਸ ਨਾਲ ਔਸਤ ਕੀਮਤ 1.70 ਡਾਲਰ ਤੋਂ ਵਧ ਕੇ 2 ਡਾਲਰ ਪ੍ਰਤੀ ਲੀਟਰ ਤੱਕ ਪਹੁੰਚ ਜਾਵੇਗੀ। PM Anthony Albanese ਨੇ ਹਾਲਾਂਕਿ ਸੰਕੇਤ ਦਿੱਤੇ ਹਨ ਕਿ ਰਾਹਤ ਵਧਾਉਣ ’ਤੇ ਵਿਚਾਰ ਕੀਤਾ ਜਾ ਸਕਦਾ ਹੈ।
ACCC ਨੇ ਖਪਤਕਾਰਾਂ ਨੂੰ NSW Fuel Check, MyFuel NT ਅਤੇ WA FuelWatch ਵਰਗੀਆਂ ਐਪਸ ਰਾਹੀਂ ਸਸਤਾ ਤੇਲ ਲੱਭਣ ਦੀ ਸਲਾਹ ਦਿੱਤੀ ਹੈ।
