ਮੈਲਬਰਨ : ਵਿਕਟੋਰੀਆ ਦੀ ਲਿਬਰਲ ਪਾਰਟੀ ਨੇ ਆਗਾਮੀ ਨਵੰਬਰ ਚੋਣਾਂ ਦੇ ਮੱਦੇਨਜ਼ਰ Melton ਅਤੇ Wyndham Vale ਰੂਟਾਂ ਲਈ 1.7 ਬਿਲੀਅਨ ਡਾਲਰ ਦੀ ਲਾਗਤ ਨਾਲ 25 ਨਵੀਆਂ ਹਾਈਬ੍ਰਿਡ ਡੀਜ਼ਲ-ਇਲੈਕਟ੍ਰਿਕ ਟ੍ਰੇਨਾਂ ਲਿਆਉਣ ਦਾ ਵਾਅਦਾ ਕੀਤਾ ਹੈ। ਵਿਰੋਧੀ ਧਿਰ ਦੇ ਸ਼ੈਡੋ ਟਰਾਂਸਪੋਰਟ ਮੰਤਰੀ Matthew Guy ਅਨੁਸਾਰ ਇਹ ਟ੍ਰੇਨਾਂ ਵਿਕਟੋਰੀਆ ’ਚ ਹੀ ਤਿਆਰ ਕੀਤੀਆਂ ਜਾਣਗੀਆਂ ਅਤੇ 2030 ਤੱਕ ਪਟੜੀ ‘ਤੇ ਉਤਾਰ ਦਿੱਤੀਆਂ ਜਾਣਗੀਆਂ ਤਾਂ ਜੋ ਵੱਧ ਰਹੀ ਆਬਾਦੀ ਨੂੰ ਫੌਰੀ ਰਾਹਤ ਮਿਲ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ’ਚ ਵੱਧ ਸਮਰੱਥਾ ਹੋਵੇਗੀ ਅਤੇ ਇਹ City Loop ’ਚ ਵੀ ਚੱਲ ਸਕਣਗੀਆਂ।
ਇਸੇ ਦੌਰਾਨ, ਅੱਜ ਨਵਾਂ ਅਪਗ੍ਰੇਡਿਡ Melton train station ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ, ਜਿਸ ਦੇ ਲੰਬੇ ਪਲੇਟਫਾਰਮਾਂ ਰਾਹੀਂ ਅਗਲੇ ਸਾਲ ਤੋਂ ਵੱਡੀਆਂ V/Line ਟ੍ਰੇਨਾਂ ਚਲਾਈਆਂ ਜਾਣਗੀਆਂ।
ਦੂਜੇ ਪਾਸੇ, ਟਰਾਂਸਪੋਰਟ ਮੰਤਰੀ Vicki Ward ਨੇ ਵਿਰੋਧੀ ਧਿਰ ਦੇ ਇਸ ਵਾਅਦੇ ਨੂੰ ਰੱਦ ਕਰਦਿਆਂ ਕਿਹਾ ਕਿ ਹਾਈਬ੍ਰਿਡ ਟ੍ਰੇਨਾਂ ਬਾਅਦ ’ਚ ਬੇਕਾਰ ਸਾਬਤ ਹੋਣਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਦਾ ਮੁੱਖ ਮਕਸਦ ਪੂਰੀ ਰੇਲ ਲਾਈਨ ਦਾ ਪੱਕਾ ਇਲੈਕਟ੍ਰੀਫਿਕੇਸ਼ਨ ਕਰਨਾ ਹੈ।
ਰੇਲ ਮਾਹਿਰਾਂ ਅਤੇ Infrastructure Victoria ਨੇ ਵੀ ਚਿੰਤਾ ਜਤਾਈ ਹੈ ਕਿ ਸੁਰੰਗਾਂ ਅੰਦਰ ਡੀਜ਼ਲ ਹਾਈਬ੍ਰਿਡ ਟ੍ਰੇਨਾਂ ਚਲਾਉਣਾ ਸੁਰੱਖਿਆ ਪੱਖੋਂ ਮੁਸ਼ਕਿਲ ਹੋ ਸਕਦਾ ਹੈ। ਉਨ੍ਹਾਂ ਅਨੁਸਾਰ 4-5 ਬਿਲੀਅਨ ਦੀ ਲਾਗਤ ਵਾਲਾ ਪੂਰਨ ਇਲੈਕਟ੍ਰੀਫਿਕੇਸ਼ਨ ਅਤੇ ਟ੍ਰੈਕ ਡੁਪਲੀਕੇਸ਼ਨ ਹੀ ਖੇਤਰ ਲਈ ਸਭ ਤੋਂ ਢੁਕਵਾਂ ਅਤੇ ਪੱਕਾ ਹੱਲ ਹੈ।
