ਮੈਲਬਰਨ: ABS ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਮਈ ਮਹੀਨੇ ਵਿੱਚ ਸਾਲਾਨਾ ਮਹਿੰਗਾਈ ਰੇਟ ਘਟ ਕੇ 4% ਰਹਿ ਗਿਆ ਹੈ, ਜੋ ਕਿ ਅਪ੍ਰੈਲ ਵਿੱਚ 4.2% ਸੀ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ ਕਾਰਨ ਇਸ ਕਮੀ ਨੂੰ ਉਮੀਦ ਨਾਲੋਂ ਬਿਹਤਰ ਮੰਨਿਆ ਜਾ ਰਿਹਾ ਹੈ। ਇਸ ਰਾਹਤ ਖ਼ਬਰ ਤੋਂ ਬਾਅਦ ਆਸਟ੍ਰੇਲੀਆਈ ਸ਼ੇਅਰ ਬਾਜ਼ਾਰ (ASX 200) ਵਿੱਚ ਤੇਜ਼ੀ ਦੇਖਣ ਨੂੰ ਮਿਲੀ।
ਹਾਲਾਂਕਿ, ਇਹ ਖ਼ਬਰ ਪੂਰੀ ਤਰ੍ਹਾਂ ਰਾਹਤ ਦੇਣ ਵਾਲੀ ਨਹੀਂ ਹੈ। RBA ਦੀ ਪਸੰਦੀਦਾ ‘Trimmed Mean’ (ਬੁਨਿਆਦੀ ਮਹਿੰਗਾਈ ਰੇਟ) 3.4% ਤੋਂ ਵਧ ਕੇ 3.6% ਹੋ ਗਿਆ ਹੈ, ਜੋ ਬਾਜ਼ਾਰ ਦੀਆਂ ਉਮੀਦਾਂ ਤੋਂ ਵੱਧ ਹੈ। ਊਸਿੰਗ ਅਤੇ ਖਾਣ-ਪੀਣ ਦੇ ਸਾਮਾਨ ਦੀਆਂ ਕੀਮਤਾਂ ਨੇ ਮਹਿੰਗਾਈ ਵਧਣ ’ਚ ਸਭ ਤੋਂ ਵੱਧ ਯੋਗਦਾਨ ਪਾਇਆ।
IG Australia ਦੇ ਮਾਹਰ Tony Sycamore ਮੁਤਾਬਕ, ਬੁਨਿਆਦੀ ਮਹਿੰਗਾਈ ਦਾ ਇਹ ਵਾਧਾ ਚਿੰਤਾਜਨਕ ਹੈ ਅਤੇ ਇਸ ਨਾਲ ਅਗਸਤ ਮਹੀਨੇ ਵਿੱਚ ਵਿਆਜ ਰੇਟ (Cash Rate) ਵਧਣ ਦਾ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ।
Deloitte Access Economics ਦੇ ਪਾਰਟਨਰ Stephen Smith ਅਤੇ BDO ਦੇ ਚੀਫ਼ ਇਕਨਾਮਿਸਟ Anders Magnusson ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਵੱਲੋਂ ਦਿੱਤੀਆਂ ਗਈਆਂ ਅਸਥਾਈ ਛੋਟਾਂ ਨੇ ਮਹਿੰਗਾਈ ਦੇ ਅਸਲ ਪ੍ਰਭਾਵ ਨੂੰ ਲੁਕਾਇਆ ਹੋਇਆ ਹੈ। ਹਾਊਸਿੰਗ, ਬਿਜਲੀ (ਜੋ ਕਿ 21.1% ਮਹਿੰਗੀ ਹੋਈ ਹੈ) ਅਤੇ ਟਰਾਂਸਪੋਰਟ ਦੇ ਖ਼ਰਚੇ ਅਜੇ ਵੀ ਆਮ ਜਨਤਾ ਦੀ ਜੇਬ ’ਤੇ ਭਾਰੀ ਪੈ ਰਹੇ ਹਨ। RSM Australia ਦੀ Devika Shivadekar ਅਨੁਸਾਰ, ਅਗਲਾ ਅਹਿਮ ਫੈਸਲਾ 29 ਜੁਲਾਈ ਨੂੰ ਆਉਣ ਵਾਲੇ ਤਿਮਾਹੀ ਅੰਕੜਿਆਂ ’ਤੇ ਨਿਰਭਰ ਕਰੇਗਾ।
