ਮੈਲਬਰਨ : ਆਸਟ੍ਰੇਲੀਆ ਦੇ ਫਾਈਨੈਂਸ਼ੀਅਲ ਵਾਚਡੌਗ ASIC (Australian Securities and Investments Commission) ਨੇ Shield Master Fund ਦੇ ਡਿਫਾਲਟ ਹੋਣ ਤੋਂ ਬਾਅਦ ਉਸ ਦੇ ਸਾਬਕਾ ਡਾਇਰੈਕਟਰਾਂ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਫੰਡ ਦੇ ਡੁੱਬਣ ਕਾਰਨ ਲਗਭਗ 5,800 ਨਿਵੇਸ਼ਕਾਂ ਨੇ ਆਪਣੀ ਰਿਟਾਇਰਮੈਂਟ ਦੀ ਜਮ੍ਹਾਂ ਪੂੰਜੀ (Superannuation) ਗੁਆ ਦਿੱਤੀ ਹੈ, ਜਿਸ ਦੀ ਕੁੱਲ ਰਕਮ 530 ਮਿਲੀਅਨ ਡਾਲਰ ਦੇ ਕਰੀਬ ਹੈ।
ASIC ਨੇ Keystone Asset Management ਦੇ ਸਾਬਕਾ ਡਾਇਰੈਕਟਰਾਂ Paul Chiodo, Ilya Frolov, Mark Yorston ਅਤੇ ਕੰਪਲਾਇੰਸ ਕਮੇਟੀ ਦੇ ਮੈਂਬਰ Jeremy Danon ’ਤੇ ਦੋਸ਼ ਲਗਾਏ ਹਨ। ਵਾਚਡੌਗ ਮੁਤਾਬਕ, ਇਨ੍ਹਾਂ ਅਧਿਕਾਰੀਆਂ ਨੇ ਬਿਨਾਂ ਕਿਸੇ ਪੁਖਤਾ ਸੁਰੱਖਿਆ ਨਿਯਮਾਂ ਦੇ, ਸਕੀਮ ਦੇ ਫੰਡਾਂ ਨੂੰ ਸਬੰਧਤ ਐਂਟੀਟੀਜ਼ ਅਤੇ ਥਰਡ-ਪਾਰਟੀਜ਼ ਵਿੱਚ ਇਨਵੈਸਟ ਕਰ ਕੇ ਨਿਵੇਸ਼ਕਾਂ ਦੇ ਪੈਸੇ ਨੂੰ ਵੱਡੇ ਜੋਖਮ ਵਿੱਚ ਪਾਇਆ।
ਇਲਜ਼ਾਮ ਹੈ ਕਿ ਲਗਭਗ 305 ਮਿਲੀਅਨ ਡਾਲਰ ਦੀ ਰਕਮ ਇੱਕ ਪ੍ਰਾਪਰਟੀ ਡਿਵੈਲਪਮੈਂਟ ਫੰਡ ਵਿੱਚ ਟਰਾਂਸਫਰ ਕੀਤੀ ਗਈ ਸੀ, ਜੋ ਬਾਅਦ ਵਿੱਚ Paul Chiodo ਅਤੇ Ilya Frolov ਨਾਲ ਲਿੰਕਡ ਐਂਟੀਟੀਜ਼ ਕੋਲ ਚਲੀ ਗਈ। ASIC ਦੀ ਚੇਅਰ Sarah Court ਨੇ ਕਿਹਾ ਕਿ ਨਿਵੇਸ਼ਕਾਂ ਦੇ ਪੈਸੇ ਦੀ ਸਹੀ ਦੇਖਭਾਲ ਹੋਣੀ ਚਾਹੀਦੀ ਸੀ, ਪਰ ਇੱਥੇ ਨਿਯਮਾਂ ਦੀ ਅਣਦੇਖੀ ਕੀਤੀ ਗਈ। ASIC ਹੁਣ ਕੋਰਟ ਵਿੱਚ ਇਨ੍ਹਾਂ ਡਾਇਰੈਕਟਰਾਂ ’ਤੇ ਸਿਵਲ ਪੈਨਲਟੀਜ਼ ਅਤੇ ਡਿਸਕੁਆਲੀਫਿਕੇਸ਼ਨ ਆਰਡਰ ਦੀ ਮੰਗ ਕਰ ਰਿਹਾ ਹੈ। ਦੂਜੇ ਪਾਸੇ, Macquarie Investment Management ਅਤੇ Netwealth ਵਰਗੀਆਂ ਸੰਸਥਾਵਾਂ ਪੀੜਤਾਂ ਨੂੰ 100 ਫੀਸਦੀ ਰਿਫੰਡ ਦੇਣ ਲਈ ਸਹਿਮਤ ਹੋ ਗਈਆਂ ਹਨ।
