- ‘ਪਰਵਿੰਦਰ ਸਿੰਘ ਝੋਟਾ ਇਨਸਾਫ਼ ਮੋਰਚਾ’ ’ਤੇ ਪੁਲਿਸ ਕਾਰਵਾਈ ਦੀ ਆਸਟ੍ਰੇਲੀਆ ’ਚ ਵੀ ਗੂੰਜ
- ਲੱਖਾ ਸਿੰਘ ਸਿਧਾਣਾ ਦੀ ਸੁਰੱਖਿਆ ਅਤੇ CM ਦੇ ਅਸਤੀਫ਼ੇ ਦੀ ਚੁੱਕੀ ਮੰਗ
- ਆਸਟ੍ਰੇਲੀਆ ’ਚ ਸਿੱਖ ਆਵਾਜ਼ਾਂ ਨੂੰ ਸਰਕਾਰੀ IT cell ਰਾਹੀਂ ਆਨਲਾਈਨ ਦਬਾਉਣ ਦੇ ਦੋਸ਼ਾਂ ਦੀ ਵੀ ਜਾਂਚ ਮੰਗੀ
ਮੈੱਲਬਰਨ : ਆਸਟ੍ਰੇਲੀਆ ਦੀ ਪ੍ਰਮੁੱਖ ਸਿੱਖ ਸੰਸਥਾ ਗੁਰਦੁਆਰਾ ਕੌਂਸਲ ਆਫ਼ ਵਿਕਟੋਰੀਆ ਨੇ 27 ਅਕਤੂਬਰ ਨੂੰ ਮਾਨਸਾ ਵਿਖੇ ਪੰਜਾਬ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਵਿਰੁੱਧ ਕੀਤੀ ਗਈ ਸਖ਼ਤ ਕਾਰਵਾਈ ਅਤੇ ਤਾਕਤ ਦੀ ਦੁਰਵਰਤੋਂ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ।
ਸੰਸਥਾ ਨੇ ਨਸ਼ਿਆਂ ਵਿਰੁੱਧ ਲੜਦੇ ਹੋਏ 13 ਅਕਤੂਬਰ ਨੂੰ ਇੱਕ ਕੈਮਿਸਟ ਦੀ ਦੁਕਾਨ ’ਤੇ ਗੋਲੀ ਮਾਰ ਕੇ ਕਤਲ ਕੀਤੇ ਗਏ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਭੇਟ ਕੀਤੀ। ਬਿਆਨ ਅਨੁਸਾਰ, 27 ਅਕਤੂਬਰ ਨੂੰ ਪਿੰਡ ਭੰਮੇ ਕਲਾਂ ਦੇ 35 ਸਾਲ ਦੇ ਨੌਜਵਾਨ ਦਲਜੀਤ ਸਿੰਘ, ਜਿਸ ਦੀ ਮੌਤ ਪਰਿਵਾਰ ਮੁਤਾਬਕ ਨਸ਼ੇ ਦੀ ਓਵਰਡੋਜ਼ ਨਾਲ ਹੋਈ ਸੀ, ਦੀ ਮ੍ਰਿਤਕ ਦੇਹ ਨੂੰ ਜਦੋਂ ਪਰਿਵਾਰ ਇਨਸਾਫ਼ ਲਈ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਇਨਸਾਫ਼ ਮੋਰਚਾ ’ਚ ਲਿਆਉਣ ਲੱਗਾ, ਤਾਂ ਪੁਲਿਸ ਨੇ ਜ਼ਬਰਦਸਤੀ ਦੇਹ ਖੋਹ ਲਈ ਅਤੇ ਔਰਤਾਂ ਸਮੇਤ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੂੰ ਹਿਰਾਸਤ ’ਚ ਲੈ ਲਿਆ।
ਕੌਂਸਲ ਨੇ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਨਾਲ ਜੁੜੇ ਸਿੱਖ ਕਾਰਕੁਨ ਲੱਖਾ ਸਿੰਘ ਸਿਧਾਣਾ ਦੀ ਹਿਰਾਸਤ ਅਤੇ ਉਨ੍ਹਾਂ ਦੇ ਮੌਜੂਦਾ ਟਿਕਾਣੇ ਬਾਰੇ ਜਾਣਕਾਰੀ ਨਾ ਦੇਣ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਭਾਈਚਾਰੇ ਨੇ ਕਿਸੇ ਫਰਜ਼ੀ ਮੁਕਾਬਲੇ ਦਾ ਖਦਸ਼ਾ ਜਤਾਉਂਦਿਆਂ ਉਨ੍ਹਾਂ ਦੀ ਸੁਰੱਖਿਆ ਲਈ ਸਿੱਧੇ ਤੌਰ ’ਤੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਤੋਂ ਇਲਾਵਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਭਾਨਾ ਸਿੱਧੂ ਵੱਲੋਂ ਪੰਜਾਬ ਅਤੇ ਆਸਟ੍ਰੇਲੀਆ ’ਚ ਸਿੱਖ ਆਵਾਜ਼ਾਂ ਨੂੰ ਸਰਕਾਰੀ IT cell ਰਾਹੀਂ ਆਨਲਾਈਨ ਦਬਾਉਣ ਦੇ ਦੋਸ਼ਾਂ ਦੀ ਵੀ ਜਾਂਚ ਮੰਗੀ ਗਈ ਹੈ।
ਗੁਰਦੁਆਰਾ ਕੌਂਸਲ ਆਫ਼ ਵਿਕਟੋਰੀਆ ਨੇ ਹੇਠਾਂ ਲਿਖੀਆਂ ਮੁੱਖ ਮੰਗਾਂ ਕੀਤੀਆਂ ਹਨ :
- ਹਿਰਾਸਤ ’ਚ ਲਏ ਗਏ ਸਾਰੇ ਪ੍ਰਦਰਸ਼ਨਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਦੀ ਤੁਰੰਤ ਰਿਹਾਈ ਕੀਤੀ ਜਾਵੇ ਅਤੇ ਪੁਲਿਸ ਕਾਰਵਾਈ ਦੀ ਨਿਰਪੱਖ ਜਾਂਚ ਹੋਵੇ।
- ਲੱਖਾ ਸਿੰਘ ਸਿਧਾਣਾ ਦੇ ਟਿਕਾਣੇ ਦਾ ਤੁਰੰਤ ਖੁਲਾਸਾ ਕਰ ਕੇ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇ ਅਤੇ ਸੁਰੱਖਿਆ ਯਕੀਨੀ ਬਣਾਈ ਜਾਵੇ।
- ਪ੍ਰਦਰਸ਼ਨਕਾਰੀਆਂ ਦੀ ਮੰਗ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਅਤੇ DGP ਤੁਰੰਤ ਅਸਤੀਫ਼ਾ ਦੇਣ ਅਤੇ ਨਸ਼ਿਆਂ ਦੇ ਸੰਕਟ ਵਿਰੁੱਧ ਠੋਸ ਕਾਰਵਾਈ ਕੀਤੀ ਜਾਵੇ।
