ਆਸਟ੍ਰੇਲੀਆ ‘ਚ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਕਿਸਾਨਾਂ ਅਤੇ ਟਰਾਂਸਪੋਰਟਰਾਂ ਦੀਆਂ ਵਧਾਈਆਂ ਮੁਸ਼ਕਿਲਾਂ, ਸਰਕਾਰ ਵੱਲੋਂ ਟੈਕਸ ਰਾਹਤ ਦੇ ਸੰਕੇਤ

Sea7 Australia Team
2 Min Read

ਮੈੱਲਬਰਨ : ਆਸਟ੍ਰੇਲੀਆ ਵਿੱਚ ਕਣਕਾਂ ਦੀ ਵਾਢੀ ਸ਼ੁਰੂ ਹੋਣ ਤੋਂ ਐਨ ਪਹਿਲਾਂ ਡੀਜ਼ਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਨੇ ਕਿਸਾਨਾਂ ਅਤੇ ਟਰਾਂਸਪੋਰਟ ਖੇਤਰ ਵਿੱਚ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ। ਕਿਸਾਨ ਪਿਛਲੇ ਸਾਲ ਦੇ ਮੁਕਾਬਲੇ ਡੀਜ਼ਲ ਲਈ ਦੁੱਗਣੀ ਕੀਮਤ ਤਾਰ ਰਹੇ ਹਨ। Victorian Farmers Federation ਦੇ ਪ੍ਰਧਾਨ Ryan Milgate ਨੇ ਮੀਡੀਆ ਨਾਲ ਗੱਲਬਾਤ ’ਚ ਸਥਿਤੀ ਨੂੰ ਗੰਭੀਰ ਦੱਸਦਿਆਂ ਕਿਹਾ ਕਿ ਵਾਢੀ ਦੇ ਸੀਜ਼ਨ ਦੌਰਾਨ ਡੀਜ਼ਲ ਲਾਜ਼ਮੀ ਲੋੜ ਹੈ ਅਤੇ ਇਸ ਦਾ ਕੋਈ ਹੋਰ ਵਿਕਲਪ ਮੌਜੂਦ ਨਹੀਂ। ABC News ਦੀ ਰਿਪੋਰਟ ਅਨੁਸਾਰ ਇਸੇ ਤਰ੍ਹਾਂ ਕਿਸਾਨ Simon Barbary ਨੇ ਚਿੰਤਾ ਪ੍ਰਗਟਾਈ ਕਿ ਬੰਪਰ ਫ਼ਸਲ ਦੇ ਬਾਵਜੂਦ ਉੱਚੀਆਂ ਲਾਗਤਾਂ ਅਤੇ ਗਲੋਬਲ ਸਪਲਾਈ ਦੀ ਕਿੱਲਤ ਕਿਸਾਨਾਂ ਦਾ ਮੁਨਾਫ਼ਾ ਨਿਗਲ ਸਕਦੀ ਹੈ।

ਇਸ ਵਾਧੇ ਦਾ ਗੰਭੀਰ ਪ੍ਰਭਾਵ ਟਰਾਂਸਪੋਰਟ ਉਦਯੋਗ ‘ਤੇ ਵੀ ਪੈ ਰਿਹਾ ਹੈ। ਮੈੱਲਬਰਨ ਦੇ ਫਲੀਟ ਆਪਰੇਟਰ Dan Russo ਨੇ ਕਿਹਾ ਕਿ ਲਗਾਤਾਰ ਵਧ ਰਹੇ ਖ਼ਰਚੇ ਟਰੱਕਿੰਗ ਕਾਰੋਬਾਰ ਨੂੰ ਤਬਾਹੀ ਕੰਢੇ ਧੱਕ ਰਹੇ ਹਨ, ਜਿਸ ਦਾ ਸਿੱਧਾ ਬੋਝ ਆਉਣ ਵਾਲੇ ਦਿਨਾਂ ਵਿੱਚ ਆਮ ਖਪਤਕਾਰਾਂ ਦੀ ਜੇਬ ‘ਤੇ ਪਵੇਗਾ। ਕਮੋਡਿਟੀ ਵਿਸ਼ਲੇਸ਼ਕ Andrew Whitelaw ਦਾ ਕਹਿਣਾ ਹੈ ਕਿ ਮਿਡਲ ਈਸਟ ਅਤੇ ਰੂਸ-ਯੂਕਰੇਨ ਤਣਾਅ ਕਾਰਨ ਤੇਲ ਸਪਲਾਈ ਕਾਫ਼ੀ ਪ੍ਰਭਾਵਿਤ ਹੋਈ ਹੈ।

ਦੂਜੇ ਪਾਸੇ, ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਜਾਣ ਤੋਂ ਬਾਅਦ ਆਸਟ੍ਰੇਲੀਆ ਦੇ ਡਿਪਟੀ ਪ੍ਰਧਾਨ ਮੰਤਰੀ Richard Marles ਨੇ fuel excise cut ਨੂੰ ਦੁਬਾਰਾ ਲਾਗੂ ਕਰਨ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਇਸ ਦੌਰਾਨ Goldman Sachs ਦੇ ਵਿਸ਼ਲੇਸ਼ਕ Daan Struyven ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅੰਤਰਰਾਸ਼ਟਰੀ ਸਪਲਾਈ ਸੰਕਟ ਨਾ ਸੁਲਝਿਆ ਤਾਂ ਕੱਚਾ ਤੇਲ 120 ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦਾ ਹੈ।

Share This Article
Leave a Comment

Leave a Reply

Your email address will not be published. Required fields are marked *