ਮੈੱਲਬਰਨ : ਆਸਟ੍ਰੇਲੀਅਨ ’ਚ ਸਕੂਲੀ ਸਿੱਖਿਆ ਅਤੇ ਸਟੂਡੈਂਟਸ ਦੇ ਸਿਲੇਬਸ ਨੂੰ ਲੈ ਕੇ ਸਿਆਸੀ ਬਹਿਸ ਤੇਜ਼ ਹੋ ਗਈ ਹੈ। National Party ਦੇ ਆਗੂ Matt Canavan ਵੱਲੋਂ ਸਕੂਲਾਂ ’ਤੇ ‘ਮੁੰਡਿਆਂ ਖ਼ਿਲਾਫ਼ ਵਿਚਾਰਧਾਰਾ’ (anti-boy ideology) ਅਤੇ ਸਿਲੇਬਸ ਦੇ ਨਾਰੀਕਰਨ (feminisation) ਦਾ ਦੋਸ਼ ਲਾਉਣ ਮਗਰੋਂ ਵਿਵਾਦ ਖੜ੍ਹਾ ਹੋ ਗਿਆ ਹੈ। Canavan ਅਨੁਸਾਰ ਕਲਾਸਾਂ ’ਚ ਸਤਿਕਾਰ ਨਾ ਮਿਲਣ ਅਤੇ ਮਰਦ ਅਧਿਆਪਕਾਂ ਦੀ ਘਾਟ ਕਾਰਨ ਨੌਜਵਾਨ ਮੁੰਡੇ ਇੰਟਰਨੈੱਟ ’ਤੇ ਮੌਜੂਦ ਜ਼ਹਿਰੀਲੇ ਕੰਟੈਂਟ ਵੱਲ ਆਕਰਸ਼ਿਤ ਹੋ ਰਹੇ ਹਨ।
ਇਸ ਬਿਆਨ ਦੇ ਸਮਰਥਨ ’ਚ ਆਏ ਵਿਰੋਧੀ ਧਿਰ ਦੇ ਲੀਡਰ Angus Taylor ਨੇ ਕਿਹਾ ਕਿ ਜੇਕਰ ਸੱਤਾ ’ਚ ਆਈ ਤਾਂ Coalition ਸਕੂਲੀ ਸਿਲੇਬਸ ਦੇ ਸਿਆਸੀਕਰਨ ਦੀ ਵਿਆਪਕ ਸਮੀਖਿਆ ਕਰੇਗੀ। ਆਪਣੇ ਪਿਛਲੇ ਬਿਆਨਾਂ ਨੂੰ ਸਪੱਸ਼ਟ ਕਰਦਿਆਂ Taylor ਨੇ ਕਿਹਾ ਕਿ ਸਕੂਲਾਂ ’ਚ ਆਪਸੀ ਸਹਿਮਤੀ (consent) ਦੀ ਸਿੱਖਿਆ ਦੇਣਾ ਬੇਹੱਦ ਜ਼ਰੂਰੀ ਹੈ, ਪਰ ਜਮਾਤਾਂ ’ਚ ਕੋਈ ਸਿਆਸੀ ਏਜੰਡਾ ਨਹੀਂ ਚੱਲਣਾ ਚਾਹੀਦਾ।
ਦੂਜੇ ਪਾਸੇ, ਫੈਡਰਲ ਸਰਕਾਰ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। Social Services Minister Tanya Plibersek ਨੇ ਕਿਹਾ ਕਿ ਸੋਸ਼ਲ ਮੀਡੀਆ ਐਲਗੋਰਿਦਮ ਅਤੇ ‘ਮੈਨੋਸਫੀਅਰ’ ਦੇ ਅਸਰ ਲਈ ਅਧਿਆਪਕਾਂ ਨੂੰ ਦੋਸ਼ੀ ਠਹਿਰਾਉਣਾ ਹਾਸੋਹੀਣਾ ਹੈ। Education Minister Jason Clare ਨੇ ਵੀ ਕਿਹਾ ਕਿ ਲੜਕੀਆਂ ਦਾ ਸਤਿਕਾਰ ਸਿਖਾਉਣਾ ਕੋਈ ਸਿਆਸਤ ਨਹੀਂ, ਸਗੋਂ ਬੁਨਿਆਦੀ ਸੰਸਕਾਰ ਹਨ। Australian Education Union ਦੀ ਪ੍ਰਧਾਨ Correna Haythorpe ਨੇ ਨੇਤਾਵਾਂ ਦੇ ਇਸ ਰਵੱਈਏ ਨੂੰ ਸਿੱਖਿਆ ਪ੍ਰਣਾਲੀ ਦਾ ਗ਼ਲਤ ਚਿੱਤਰਣ ਕਰਾਰ ਦਿੱਤਾ ਹੈ।
