ਮੈਲਬਰਨ : ਆਸਟ੍ਰੇਲੀਆ ਨੇ ਇਸੇ ਹਫਤੇ ਇੰਡੀਆ ਨੂੰ unenriched ਯੂਰੇਨੀਅਮ ਨਿਰਯਾਤ ਕਰਨ ਲਈ ਇੱਕ ਇਤਿਹਾਸਕ ਸਮਝੌਤਾ ਸਹੀਬੱਧ ਕੀਤਾ ਹੈ। ਇਹ ਡੀਲ ਅਰਬਾਂ ਡਾਲਰਾਂ ਦੀ ਹੋ ਸਕਦੀ ਹੈ, ਜਿਸ ਨਾਲ ਵੈਸਟਰਨ ਆਸਟ੍ਰੇਲੀਆ ਲਈ ਮੌਕਿਆਂ ਦੇ ਨਵੇਂ ਰਾਹ ਖੁੱਲ੍ਹ ਸਕਦੇ ਹਨ। ਹਾਲਾਂਕਿ, ਮੌਜੂਦਾ ਸਮੇਂ ਵਿੱਚ ਸਿਰਫ਼ ਸਾਊਥ ਆਸਟ੍ਰੇਲੀਆ ਹੀ ਸਰਗਰਮ ਰੂਪ ਵਿੱਚ ਯੂਰੇਨੀਅਮ ਦਾ ਉਤਪਾਦਨ ਕਰ ਰਿਹਾ ਹੈ।
ABC News ਦੀ ਇੱਕ ਰਿਪੋਰਟ ਮੁਤਾਬਕ ਇਸ ਸਮਝੌਤੇ ਤੋਂ ਬਾਅਦ ਵੈਸਟਰਨ ਆਸਟ੍ਰੇਲੀਆ ਵਿੱਚ ਯੂਰੇਨੀਅਮ ਮਾਈਨਿੰਗ ਨੂੰ ਲੈ ਕੇ ਬਹਿਸ ਤੇਜ਼ ਹੋ ਗਈ ਹੈ। ਸੂਬੇ ਦੀ ਵਿਰੋਧੀ ਧਿਰ ਦੇ ਗਠਜੋੜ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ 2029 ਵਿੱਚ ਸੱਤਾ ਵਿੱਚ ਆਉਂਦੇ ਹਨ, ਤਾਂ ਯੂਰੇਨੀਅਮ ਮਾਈਨਿੰਗ ’ਤੇ ਲੱਗੀ ਪਾਬੰਦੀ ਨੂੰ ਹਟਾ ਦੇਣਗੇ। Cauldron Energy ਦੇ CEO Jonathan Fisher ਮੁਤਾਬਕ, ਵੈਸਟਰਨ ਆਸਟ੍ਰੇਲੀਆ ਕੋਲ ਵੀ ਸਾਊਥ ਆਸਟ੍ਰੇਲੀਆ ਜਿੰਨਾ ਹੀ ਯੂਰੇਨੀਅਮ ਉਤਪਾਦਕ ਬਣਨ ਦੀ ਸਮਰੱਥਾ ਹੈ। Chamber of Commerce and Industry ਦੇ Will Golsby ਨੇ ਵੀ ਕਿਹਾ ਕਿ ਸੂਬੇ ਕੋਲ ਇਸ ਲਈ ਪੂਰਾ ਇਨਫਰਾਸਟਰਕਚਰ ਮੌਜੂਦ ਹੈ।
ਦੂਜੇ ਪਾਸੇ, Conservation Council ਦੇ Matt Roberts ਅਤੇ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ Roger Cook ਨੇ ਇਸ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੂਰੇਨੀਅਮ ਮਾਈਨਿੰਗ ਵਾਤਾਵਰਣ ਲਈ ਖ਼ਤਰਨਾਕ ਹੈ ਅਤੇ ਸਰਕਾਰ ਦਾ ਧਿਆਨ ਸਿਰਫ਼ ਹਵਾ ਅਤੇ ਸੂਰਜੀ ਊਰਜਾ ਵਰਗੇ ਸਾਫ਼-ਸੁਥਰੇ ਐਨਰਜੀ ਪ੍ਰੋਜੈਕਟਾਂ ’ਤੇ ਹੋਣਾ ਚਾਹੀਦਾ ਹੈ। ਇਹ ਡੀਲ ਇੰਡੀਆ ਨੂੰ 2047 ਤੱਕ 100 ਗੀਗਾਵਾਟ ਨਿਊਕਲੀਅਰ ਐਨਰਜੀ ਦਾ ਟੀਚਾ ਹਾਸਲ ਕਰਨ ਵਿੱਚ ਮਦਦ ਕਰੇਗੀ।
