ਮੈਲਬਰਨ: Socceroos ਦੇ ਸਟਾਰ ਖਿਡਾਰੀ Awer Mabil ਨੇ One Nation ਪਾਰਟੀ ਦੀ ਆਗੂ Pauline Hanson ਵੱਲੋਂ ‘ਮੋਨੋਕਲਚਰ’ (ਇੱਕੋ ਸੱਭਿਆਚਾਰ) ਨੂੰ ਲੈ ਕੇ ਦਿੱਤੇ ਬਿਆਨ ਦੀ ਤਿੱਖੀ ਆਲੋਚਨਾ ਕੀਤੀ ਹੈ। Awer Mabil ਨੇ ਇਸ ਬਿਆਨ ਨੂੰ ਪੂਰੀ ਤਰ੍ਹਾਂ ਬਕਵਾਸ ਕਰਾਰ ਦਿੱਤਾ ਹੈ।
ਹਾਲ ਹੀ ਵਿੱਚ ਫ਼ੁੱਟਬਾਲ ਵਿਸ਼ਵ ਕੱਪ ਤੋਂ ਬਾਅਦ ਐਡੀਲੇਡ ਪਰਤੇ Awer Mabil ਨੇ ਕਿਹਾ ਕਿ ਜੋ ਲੋਕ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰਦੇ ਹਨ, ਉਹ ਅਸਲ ਵਿੱਚ ਦੇਸ਼ ਭਗਤ ਨਹੀਂ ਹਨ। ਉਨ੍ਹਾਂ ਕਿਹਾ, ‘‘ਤੁਸੀਂ ਇਹ ਤੈਅ ਨਹੀਂ ਕਰ ਸਕਦੇ ਕਿ ਤੁਸੀਂ ਕਿੱਥੇ ਪੈਦਾ ਹੋਣਾ ਹੈ ਜਾਂ ਤੁਹਾਡੀ ਚਮੜੀ ਦਾ ਰੰਗ ਕੀ ਹੋਵੇਗਾ, ਪਰ ਤੁਸੀਂ ਇੱਕ ਚੰਗਾ ਇਨਸਾਨ ਬਣਨਾ ਜ਼ਰੂਰ ਚੁਣ ਸਕਦੇ ਹੋ।’’ ਉਨ੍ਹਾਂ ਮੁਤਾਬਕ ਮਲਟੀਕਲਚਰਲਿਜ਼ਮ (ਬਹੁ-ਸੱਭਿਆਚਾਰਵਾਦ) ਸਮਾਜ ਵਿੱਚ ਵੱਖਰੇ ਰੰਗ ਅਤੇ ਸੁਆਦ ਲੈ ਕੇ ਆਉਂਦਾ ਹੈ।
ਦੱਸਣਯੋਗ ਹੈ ਕਿ Pauline Hanson ਨੇ ਨੈਸ਼ਨਲ ਪ੍ਰੈੱਸ ਕਲੱਬ ’ਚ ਆਪਣਾ ਪਹਿਲਾ ਭਾਸ਼ਣ ਦਿੰਦਿਆਂ ਆਸਟ੍ਰੇਲੀਆ ਨੂੰ ਇੱਕੋ ਸੱਭਿਆਚਾਰਕ ਛਤਰੀ ਹੇਠ ਲਿਆਉਣ ਦੀ ਵਕਾਲਤ ਕੀਤੀ ਸੀ। ਜਦੋਂ ਉਨ੍ਹਾਂ ਦੇ ਇਸ ਬਿਆਨ ਦਾ ਵਿਰੋਧ ਹੋਇਆ, ਤਾਂ ਉਨ੍ਹਾਂ ਨੇ Socceroos ਟੀਮ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਉਹ ਸਾਰੇ ਹਰੇ ਅਤੇ ਸੁਨਹਿਰੀ ਰੰਗ ਦੀ ਵਰਦੀ ਪਾਉਂਦੇ ਹਨ, ਜੋ ਮੋਨੋਕਲਚਰ ਦੀ ਮਿਸਾਲ ਹੈ।
Awer Mabil ਖੁਦ ਕੀਨੀਆ ਦੇ ਇੱਕ ਸ਼ਰਨਾਰਥੀ ਕੈਂਪ ਵਿੱਚ ਪੈਦਾ ਹੋਏ ਸਨ ਅਤੇ ਉਨ੍ਹਾਂ ਦੇ ਮਾਤਾ-ਪਿਤਾ ਸਾਊਥ ਸੁਡਾਨ ਤੋਂ ਹਨ। ਟੀਮ ਦੇ ਹੋਰ ਖਿਡਾਰੀ ਜਿਵੇਂ Nestory Irankunda ਅਤੇ Mohamed Toure ਵੀ ਅਫਰੀਕੀ ਮੂਲ ਦੇ ਹਨ। Awer Mabil ਨੇ ਸਪੱਸ਼ਟ ਕੀਤਾ ਕਿ ਅਜਿਹੇ ਬਿਆਨਾਂ ਨੇ ਉਨ੍ਹਾਂ ਦੀ ਟੀਮ ਦਾ ਧਿਆਨ ਭੰਗ ਨਹੀਂ ਕੀਤਾ। ਦੂਜੇ ਪਾਸੇ, ਮਸ਼ਹੂਰ ਅਦਾਕਾਰ Paul Hogan ਨੇ ਵੀ Pauline Hanson ਦੀ ਨਿੰਦਾ ਕਰਦਿਆਂ ਉਨ੍ਹਾਂ ਨੂੰ ਪੁਰਾਣੀ ਸੋਚ ਵਾਲਾ ਦੱਸਿਆ ਹੈ।
