- ਸਿਰਫ਼ 74.9% ਅੰਡਰਗ੍ਰੈਜੂਏਟ ਵਿਦਿਆਰਥੀ ਹੀ ਆਪਣੀ ਪੜ੍ਹਾਈ ਤੋਂ ਸੰਤੁਸ਼ਟ ਪਾਏ ਗਏ
- ਲੇਬਰ ਮਾਰਕੀਟ ’ਚ ਨੌਕਰੀਆਂ ਦੀ ਕਮੀ ਅਤੇ ਵਧਦੀ ਮੁਕਾਬਲੇਬਾਜ਼ੀ ਰਿਹਾ ਕਾਰਨ
ਮੈਲਬਰਨ : ਇੱਕ ਨਵੇਂ ਸਰਕਾਰੀ ਫੰਡਿਡ ਸਰਵੇਖਣ ਮੁਤਾਬਕ, ਆਸਟ੍ਰੇਲੀਅਨ ਸਟੂਡੈਂਟਸ ਆਪਣੀਆਂ ਯੂਨੀਵਰਸਿਟੀ ਡਿਗਰੀਆਂ ਤੋਂ ਪਹਿਲਾਂ ਨਾਲੋਂ ਬਹੁਤ ਘੱਟ ਸੰਤੁਸ਼ਟ ਹਨ। Quality Indicators for Learning and Teaching (QILT) ਵੱਲੋਂ ਕੀਤੇ ਗਏ ਇਸ ਸਰਵੇਖਣ ’ਚ 42 ਯੂਨੀਵਰਸਿਟੀਆਂ ਦੇ ਲਗਭਗ 120,000 ਗਰੈਜੂਏਟਸ ਸ਼ਾਮਲ ਸਨ। ਰਿਪੋਰਟ ਅਨੁਸਾਰ, ਸਿਰਫ਼ 74.9% ਅੰਡਰਗ੍ਰੈਜੂਏਟ ਵਿਦਿਆਰਥੀ ਹੀ ਆਪਣੀ ਪੜ੍ਹਾਈ ਤੋਂ ਸੰਤੁਸ਼ਟ ਪਾਏ ਗਏ ਹਨ, ਜੋ ਕਿ 2016 ਤੋਂ ਬਾਅਦ ਸਭ ਤੋਂ ਘੱਟ ਪੱਧਰ ਹੈ।
ਸੰਤੁਸ਼ਟੀ ਵਿੱਚ ਇਸ ਗਿਰਾਵਟ ਦਾ ਮੁੱਖ ਕਾਰਨ ਲੇਬਰ ਮਾਰਕੀਟ ਵਿੱਚ ਨੌਕਰੀਆਂ ਦੀ ਘਾਟ ਅਤੇ ਵਧਦੀ ਮੁਕਾਬਲੇਬਾਜ਼ੀ ਨੂੰ ਦੱਸਿਆ ਜਾ ਰਿਹਾ ਹੈ। ਇਸ ਬਾਰੇ ABC News ਨਾਲ ਗੱਲਬਾਤ ‘ਚ 23 ਸਾਲ ਦੀ ਗ੍ਰੈਜੂਏਟ Lana ਨੇ ਆਪਣਾ ਦੁਖੜਾ ਸਾਂਝਾ ਕਰਦਿਆਂ ਦੱਸਿਆ ਕਿ ਉਸ ਨੇ Bachelor of Science (Immunology) ਦੀ ਡਿਗਰੀ ਹਾਸਲ ਕਰਨ ਅਤੇ ਕਈ ਇੰਟਰਨਸ਼ਿਪਸ ਕਰਨ ਦੇ ਬਾਵਜੂਦ 400 ਤੋਂ ਵੱਧ ਨੌਕਰੀਆਂ ਲਈ ਅਪਲਾਈ ਕੀਤਾ, ਪਰ ਉਸ ਨੂੰ ਕੋਈ ਸਫਲਤਾ ਨਹੀਂ ਮਿਲੀ। ਉਸ ਦਾ ਕਹਿਣਾ ਹੈ ਕਿ ਹੁਣ ਐਂਟਰੀ-ਲੇਵਲ ਨੌਕਰੀਆਂ ਲਈ ਵੀ ਹੋਰ ਪੜ੍ਹਾਈ ਦੀ ਲੋੜ ਪੈ ਰਹੀ ਹੈ।
ਸਰਵੇਖਣ ਮੁਤਾਬਕ, 2025 ਵਿੱਚ ਫੁੱਲ-ਟਾਈਮ ਰੁਜ਼ਗਾਰ ਦੀ ਦਰ 75.4% ਰਹੀ, ਜੋ ਕਿ 2023 ਦੇ 79% ਨਾਲੋਂ ਘੱਟ ਹੈ। ਲਗਭਗ 30% ਗ੍ਰੈਜੂਏਟਸ ਨੇ ਮੰਨਿਆ ਕਿ ਉਹ ਆਪਣੀ ਯੋਗਤਾ ਤੋਂ ਘੱਟ ਪੱਧਰ ਦੀਆਂ ਨੌਕਰੀਆਂ ਕਰ ਰਹੇ ਹਨ।
Universities Australia ਦੇ ਚੀਫ ਐਗਜ਼ੀਕਿਊਟਿਵ Luke Sheehy ਨੇ ਕਿਹਾ ਕਿ ਯੂਨੀਵਰਸਿਟੀਆਂ ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ ਅਤੇ ਰੁਜ਼ਗਾਰ ਦੇ ਮੌਕੇ ਸੁਧਾਰਨ ਲਈ ਕੰਮ ਕਰ ਰਹੀਆਂ ਹਨ। She Graduates ਦੀ ਫਾਊਂਡਰ Alex McVeigh ਨੇ ਵਿਦਿਆਰਥੀਆਂ ਨੂੰ ਆਪਣੀ ਰੁਜ਼ਗਾਰ ਯੋਗਤਾ ਵਧਾਉਣ ਲਈ ਟੈਕਨੀਕਲ ਅਤੇ ਸੌਫਟ ਸਕਿੱਲਜ਼ ਦਾ ਸੁਮੇਲ ਬਣਾਉਣ ਅਤੇ ਨੈੱਟਵਰਕਿੰਗ ਮਜ਼ਬੂਤ ਕਰਨ ਦੀ ਸਲਾਹ ਦਿੱਤੀ ਹੈ।
