ਅਮਰੀਕਾ ਦੇ Philadelphia ਸਥਿਤ ਇੱਕ ਗੁਰਦੁਆਰਾ ਸਾਹਿਬ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ US Police ਦੇ ਕਰਮਚਾਰੀ ਜੁੱਤੇ ਪਾ ਕੇ ਅਤੇ ਨੰਗੇ ਸਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੜ੍ਹੇ ਦਿਖਾਈ ਦੇ ਰਹੇ ਹਨ। ਇਸ ਘਟਨਾ ਕਾਰਨ ਦੁਨੀਆ ਭਰ ਦੇ ਸਿੱਖਾਂ ਅਤੇ ਧਾਰਮਿਕ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ, 19 ਮਈ ਨੂੰ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਪੈਸਿਆਂ ਦੀ ਗਿਣਤੀ ਦੌਰਾਨ ਪ੍ਰਬੰਧਕਾਂ ਦੇ ਦੋ ਪੱਖਾਂ ਵਿਚਾਲੇ ਆਪਸੀ ਝਗੜਾ ਹੋ ਗਿਆ ਸੀ। ਹਾਲਾਤ ਵਿਗੜਦੇ ਦੇਖ ਕਿਸੇ ਨੇ ਸਥਾਨਕ ਪੁਲਿਸ ਨੂੰ ਬੁਲਾ ਲਿਆ। ਪੁਲਿਸ ਕਰਮਚਾਰੀ ਸਿੱਧੇ ਦੀਵਾਨ ਹਾਲ ਦੇ ਅੰਦਰ ਦਾਖਲ ਹੋ ਗਏ, ਜਿੱਥੇ ਡਾਲਰ ਬਿਖਰੇ ਪਏ ਸਨ ਅਤੇ ਉੱਥੇ ਹੀ ਗੁਰੂ ਸਾਹਿਬ ਦਾ ਪਾਵਨ ਸਰੂਪ ਵੀ ਸੁਸ਼ੋਭਿਤ ਸੀ। ਕਿਸੇ ਨੇ ਇਸ ਦੌਰਾਨ ਸਾਰੀ ਘਟਨਾ ਦਾ ਵੀਡੀਓ ਰਿਕਾਰਡ ਕਰ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ।
ਇਸ ਮਾਮਲੇ ’ਤੇ SGPC ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਸ ਘਟਨਾ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਪਾਸੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਜਾਵੇ ਅਤੇ ਅਜਿਹੇ ਹਾਲਾਤ ਪੈਦਾ ਕਰਨ ਵਾਲੇ ਜ਼ਿੰਮੇਵਾਰ ਪ੍ਰਬੰਧਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ, DSGMC ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਵੀ ਗੋਲਕ ਦੇ ਝਗੜੇ ਨੂੰ ਬੇਹੱਦ ਸ਼ਰਮਨਾਕ ਦੱਸਦੇ ਹੋਏ ਗੁਰਦੁਆਰਾ ਕਮੇਟੀ ਦੀ ਭੂਮਿਕਾ ’ਤੇ ਸਵਾਲ ਚੁੱਕੇ ਹਨ।
