ਨਿਊਯਾਰਕ: ਆਰਟੀਫੀਸ਼ੀਅਲ ਇੰਟੈਲੀਜੈਂਸ (AI) ਜਾਂ ਬਨਾਉਟੀ ਬੁੱਧੀ ਨੂੰ ਨੈਤਿਕ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਅਨੁਕੂਲ ਬਣਾਉਣ ਲਈ ਇੱਕ ਵੱਡੀ ਪਹਿਲਕਦਮੀ ਕੀਤੀ ਗਈ ਹੈ। OpenAI ਅਤੇ Anthropic ਵਰਗੀਆਂ ਦਿੱਗਜ ਕੰਪਨੀਆਂ ਦੇ ਉੱਚ ਅਧਿਕਾਰੀਆਂ ਨੇ ਨਿਊਯਾਰਕ ਵਿੱਚ ਵੱਖ-ਵੱਖ ਧਾਰਮਿਕ ਆਗੂਆਂ ਨਾਲ ਇੱਕ ਵਿਸ਼ੇਸ਼ ਗੋਲਮੇਜ਼ ਮੀਟਿੰਗ ਕੀਤੀ। ਇਸ ਵਿੱਚ ਖਾਸ ਤੌਰ ’ਤੇ The Sikh Coalition ਅਤੇ Hindu Temple Society of North America ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਇਸ ਮੀਟਿੰਗ ਦਾ ਮੁੱਖ ਮਕਸਦ ਇਹ ਚਰਚਾ ਕਰਨਾ ਸੀ ਕਿ AI ਮਾਡਲਾਂ ਵਿੱਚ ਨੈਤਿਕਤਾ ਅਤੇ ਮਨੁੱਖੀ ਸੰਸਕਾਰਾਂ ਨੂੰ ਕਿਵੇਂ ਸ਼ਾਮਲ ਕੀਤਾ ਜਾਵੇ। Geneva ਸਥਿਤ Interfaith Alliance for Safer Communities ਵੱਲੋਂ ਕਰਵਾਏ ਇਸ ਪ੍ਰੋਗਰਾਮ ਵਿੱਚ ਇਹ ਵਿਚਾਰਿਆ ਗਿਆ ਕਿ ਜਦੋਂ AI ਮਨੁੱਖਾਂ ਵਾਂਗ ਸੋਚਣ ਦੇ ਸਮਰੱਥ ਹੋ ਰਿਹਾ ਹੈ, ਤਾਂ ਉਸ ਵਿੱਚ ਸਹੀ ਅਤੇ ਗਲਤ ਦੀ ਪਛਾਣ ਹੋਣੀ ਬਹੁਤ ਜ਼ਰੂਰੀ ਹੈ।
Anthropic ਪਹਿਲਾਂ ਹੀ ਆਪਣੇ ਚੈਟਬੋਟ Claude ਲਈ ਇੱਕ ‘ਸੰਵਿਧਾਨ’ ਤਿਆਰ ਕਰ ਰਿਹਾ ਹੈ, ਜਿਸ ਵਿੱਚ ਧਾਰਮਿਕ ਅਤੇ ਨੈਤਿਕ ਮਾਹਿਰਾਂ ਦੀ ਸਲਾਹ ਲਈ ਜਾ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਤਕਨਾਲੋਜੀ ਅਤੇ ਧਰਮ ਦੇ ਇਸ ਸੁਮੇਲ ਨਾਲ ਭਵਿੱਖ ਵਿੱਚ AI ਨੂੰ ਸਮਾਜ ਲਈ ਵਧੇਰੇ ਸੁਰੱਖਿਅਤ ਅਤੇ ਜ਼ਿੰਮੇਵਾਰ ਬਣਾਇਆ ਜਾ ਸਕੇਗਾ। ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਹੋਰ ਮੀਟਿੰਗਾਂ Beijing ਅਤੇ Abu Dhabi ਵਿੱਚ ਵੀ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ AI ਦੀ ਦੁਰਵਰਤੋਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਪ੍ਰਤੀਕਾਂ ਨਾਲ ਸਬੰਧਤ ਬੇਹੱਦ ਇਤਰਾਜ਼ਯੋਗ ਸਮੱਗਰੀ ਪਿਛਲੇ ਕੁੱਝ ਸਮੇਂ ਤੋਂ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਹੋ ਰਹੀ ਸੀ ਜਿਸ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਸੰਗਤਾਂ ਨੂੰ ਅਪੀਲ ਕੀਤੀ ਸੀ ਕਿ ਅਜਿਹੀ ਸਮੱਗਰੀ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ ਸਗੋਂ ਇਸ ਦੀ ਰਿਪੋਰਟ ਕਰੇ।
