ਮੈਲਬਰਨ : NSW ਦੀ ਰਾਜਧਾਨੀ ਸਿਡਨੀ ਦੇ ਨੌਰਥ-ਵੈਸਟ ਹਾਕਸਬਰੀ ਖੇਤਰ ਦੇ Bowen Mountain ਸ਼ਹਿਰ ਦੇ ਘਰ ’ਚ ਇੱਕ ਭਿਆਨਕ ਅੱਗ ਲੱਗਣ ਦੀ ਘਟਨਾ ਵਾਪਰੀ, ਜਿਸ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ। ਇਹ ਅੱਗ ਰਾਤ 2 ਵਜੇ ਲੱਗੀ ਅਤੇ ਕੁਝ ਹੀ ਮਿੰਟਾਂ ਵਿੱਚ ਦੋ-ਮੰਜ਼ਿਲਾ ਮਕਾਨ ਦੀ ਛੱਤ ਢਹਿ ਗਈ।
ਪਿਤਾ ਅਤੇ ਚਾਰ ਹੋਰ ਬੱਚੇ ਕਿਸੇ ਤਰ੍ਹਾਂ ਬਚ ਨਿਕਲੇ। ਦਰਅਸਲ ਇਹ ਪਰਿਵਾਰ ਦਾ ਇਸ ਘਰ ’ਚ ਆਖ਼ਰੀ ਦਿਨ ਸੀ, ਜੋ ਕੁਈਨਜ਼ਲੈਂਡ ਸ਼ਿਫ਼ਟ ਹੋਣ ਜਾ ਰਹੇ ਸਨ। ਮਾਂ ਉਸ ਸਮੇਂ ਕੁਈਨਜ਼ਲੈਂਡ ਜਾਣ ਲਈ ਰਵਾਨਾ ਵੀ ਹੋ ਚੁੱਕੀ ਸੀ। ਅੱਗ ਬੁਝਾਉਣ ਵਾਲੀਆਂ 12 ਗੱਡੀਆਂ ਅਤੇ ਕਰੀਬ 50 ਫਾਇਰਫਾਈਟਰਾਂ ਨੇ ਦੋ ਘੰਟਿਆਂ ਦੀ ਮਿਹਨਤ ਨਾਲ ਅੱਗ ’ਤੇ ਕਾਬੂ ਪਾਇਆ।
ਬਚੇ ਹੋਏ ਪਰਿਵਾਰਕ ਮੈਂਬਰਾਂ ਨੂੰ ਨੇਪੀਅਨ ਹਸਪਤਾਲ ਵਿੱਚ ਧੂੰਏਂ ਨਾਲ ਹੋਈਆਂ ਸਮੱਸਿਆਵਾਂ ਲਈ ਦਾਖਲ ਕਰਾਇਆ ਗਿਆ ਹੈ। ਪੁਲਿਸ ਨੇ ਘਟਨਾ ਸਥਾਨ ’ਤੇ ਕ੍ਰਾਈਮ ਸੀਨ ਬਣਾਇਆ ਹੈ, ਪਰ ਇਸ ਵੇਲੇ ਅੱਗ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ। ਫਾਇਰ ਸਰਵਿਸ ਨੇ ਕਿਹਾ ਕਿ ਘਰ ਦੀਆਂ ਕੰਧਾਂ ਢਹਿ ਰਹੀਆਂ ਸਨ, ਇਸ ਲਈ ਅੰਦਰ ਜਾਣਾ ਬਹੁਤ ਖਤਰਨਾਕ ਸੀ। ਜਾਂਚ ਜਾਰੀ ਹੈ ਕਿ ਅੱਗ ਕਿਵੇਂ ਲੱਗੀ।
