ਮੈਲਬਰਨ: ਸਿਡਨੀ ਦੇ ਇਕ ਪੁਲਸ ਅਧਿਕਾਰੀ ਕਾਂਸਟੇਬਲ ਐਲਵਿਸ ਪੋਆ ਦੇ ਸਿਰ ‘ਤੇ ਗਸ਼ਤ ਦੌਰਾਨ ਕਈ ਵਾਰ ਚਾਕੂ ਨਾਲ ਹਮਲਾ ਕੀਤਾ ਗਿਆ। 34 ਸਾਲ ਦੇ ਹਮਲਾਵਰ ਨੇ ਟ੍ਰੈਫਿਕ ਡਿਊਟੀ ਦੌਰਾਨ ਪਿੱਛੇ ਤੋਂ ਉਸ ’ਤੇ ਹਮਲਾ ਕੀਤਾ ਸੀ। ਜ਼ਖ਼ਮੀ ਹੋਣ ਦੇ ਬਾਵਜੂਦ ਕਾਂਸਟੇਬਲ ਪੋਆ ਅਤੇ ਇੱਕ ਹੋਰ ਮਹਿਲਾ ਕਾਂਸਟੇਬਲ ਨੇ ਵਿਅਕਤੀ ਦਾ ਪਿੱਛਾ ਕੀਤਾ, ਉਸ ਨੂੰ ਟੇਜ਼ਰ ਨਾਲ ਬੇਹੋਸ਼ ਕੀਤਾ ਅਤੇ ਫੜ ਲਿਆ। ਪੋਆ ਦੇ ਸਿਰ ’ਤੇ ਦੋ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਸੇਂਟ ਵਿਨਸੈਂਟ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।
ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮੁਲਾਂਕਣ ਲਈ ਰਾਇਲ ਪ੍ਰਿੰਸ ਅਲਫਰੈਡ ਹਸਪਤਾਲ ਲਿਜਾਇਆ ਗਿਆ। ਬਾਅਦ ਵਿਚ ਉਸ ’ਤੇ ਕਤਲ ਦੇ ਇਰਾਦੇ ਨਾਲ ਜ਼ਖਮੀ/ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਅਤੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਕਥਿਤ ਅਪਰਾਧੀ ਬਾਰੇ ਪੁਲਿਸ ਨੂੰ ਪਤਾ ਸੀ ਪਰ ਉਸ ਦਾ ਕੋਈ ਗੰਭੀਰ ਅਪਰਾਧਿਕ ਇਤਿਹਾਸ ਜਾਂ ਮਾਨਸਿਕ ਬਿਮਾਰੀ ਨਹੀਂ ਸੀ।