ਮੈਲਬਰਨ: ਕੁਈਨਜ਼ਲੈਂਡ ਦੀ ਸਿਹਤ ਲਈ ਸਹਾਇਕ ਮੰਤਰੀ ਅਤੇ ਲੇਬਰ ਪਾਰਟੀ ਦੀ ਸੰਸਦ ਮੈਂਬਰ ਬ੍ਰਿਟਨੀ ਲਾਗਾ ਨੇ ਯੇਪੂਨ ਪੁਲਿਸ ਨੂੰ ਰਿਪੋਰਟ ਕੀਤੀ ਹੈ ਕਿ 28 ਅਪ੍ਰੈਲ ਨੂੰ ਉਸ ਨੂੰ ਕਥਿਤ ਤੌਰ ‘ਤੇ ਨਸ਼ੀਲੇ ਪਦਾਰਥ ਦਿੱਤੇ ਗਏ ਸਨ ਅਤੇ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਉਸ ਦਾ ਦਾਅਵਾ ਹੈ ਕਿ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਨੇ ਕੋਈ ਪਦਾਰਥ ਨਿਗਲ ਲਿਆ ਸੀ, ਜਿਸ ਦਾ ਉਸ ‘ਤੇ ਬਹੁਤ ਮਾੜਾ ਅਸਰ ਪਿਆ। ਹਸਪਤਾਲ ਦੇ ਟੈਸਟਾਂ ’ਚ ਉਸ ਦੇ ਸਰੀਰ ਅੰਦਰ ਡਰੱਗਜ਼ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ। ਲੌਗਾ ਨੇ ਕਿਹਾ ਕਿ ਉਸ ਨਾਲ ਹੋਰ ਔਰਤਾਂ ਨੇ ਸੰਪਰਕ ਕੀਤਾ ਹੈ, ਜਿਨ੍ਹਾਂ ਨੂੰ ਰਾਕਹੈਂਪਟਨ ਤੋਂ ਲਗਭਗ 38 ਕਿਲੋਮੀਟਰ ਉੱਤਰ-ਪੂਰਬ ਸਥਿਤ ਯੇਪੂਨ ਵਿਚ ਨਸ਼ੀਲੇ ਪਦਾਰਥ ਦਿੱਤੇ ਗਏ ਹੋ ਸਕਦੇ ਹਨ। ਉਸ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਘਟਨਾਵਾਂ ਸਵੀਕਾਰ ਯੋਗ ਨਹੀਂ ਹਨ ਅਤੇ ਲੋਕਾਂ ਨੂੰ ਅਜਿਹੇ ਕਿਸੇ ਖ਼ਤਰੇ ਤੋਂ ਬਗ਼ੈਰ ਹੋਰ ਲੋਕਾਂ ਨੂੰ ਮਿਲਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਲੌਗਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੀ ਘਟਨਾ ਬਾਰੇ ਜੇਕਰ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ।