ਮੈਲਬਰਨ: ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਨੇ ਪੰਜਾਬ ਦੇ ਫਸਲੀ ਤਿਉਹਾਰ ਵਿਸਾਖੀ ਦੇ ਪਹਿਲੇ ਸਟੇਟ-ਲੈਵਲ ਜਸ਼ਨਾਂ ਦੌਰਾਨ ਪੰਜਾਬੀ ਮਾਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਵਿਚ ਹੋਣ ਵਾਲੇ ਸਮਾਗਮਾਂ ਵਿਚ ਲਗਭਗ 2,400 ਸਿੱਖ ਸ਼ਰਧਾਲੂਆਂ ਦਾ ਸਵਾਗਤ ਕੀਤਾ, ਜਿਨ੍ਹਾਂ ਵਿਚੋਂ ਜ਼ਿਆਦਾਤਰ ਇੰਡੀਆ ਦੇ ਸਨ।
ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਆਪਣੇ ਸੰਬੋਧਨ ਦੌਰਾਨ ਮਰੀਅਮ ਨੇ ਗੁਆਂਢੀ ਦੇਸ਼ਾਂ ਨਾਲ ਸ਼ਾਂਤੀ ਦੀ ਮਹੱਤਤਾ ਬਾਰੇ ਆਪਣੇ ਪਿਤਾ ਦੇ ਸ਼ਬਦਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ, ‘‘ਸਾਨੂੰ ਆਪਣੇ ਗੁਆਂਢੀਆਂ ਨਾਲ ਨਹੀਂ ਲੜਨਾ ਚਾਹੀਦਾ। ਸਾਨੂੰ ਉਨ੍ਹਾਂ ਲਈ ਆਪਣੇ ਦਿਲ ਖੁੱਲ੍ਹੇ ਰੱਖਣੇ ਚਾਹੀਦੇ ਹਨ।’’ 50 ਸਾਲਾਂ ਦੀ ਮਰੀਅਮ ਨੇ ਖ਼ੁਦ ਨੂੰ ਇੱਕ ਪੰਜਾਬੀ ਦਸਿਆ ਅਤੇ ਜਤੀ ਉਮਰਾ, ਅੰਮ੍ਰਿਤਸਰ ਨਾਲ ਆਪਣੇ ਪਰਿਵਾਰਕ ਸਬੰਧਾਂ ਦਾ ਜ਼ਿਕਰ ਵੀ ਕੀਤਾ। ਮਰੀਅਮ ਨੇ ਇਸ ਮੌਕੇ ਸ਼ਰਧਾਲੂਆਂ ਨਾਲ ਲੰਗਰ ਛਕਿਆ ਅਤੇ ਅੰਮ੍ਰਿਤਸਰ ਦੀ ਇੱਕ ਬਜ਼ੁਰਗ ਭਾਰਤੀ ਔਰਤ ਨਾਲ ਖੁਸ਼ੀਆਂ ਵੀ ਸਾਂਝੀਆਂ ਕੀਤੀਆਂ।