ਮੈਲਬਰਨ: ਆਸਟ੍ਰੇਲੀਆ ਖ਼ੁਫ਼ੀਆ ਏਜੰਸੀ (ASIO) ਦੇ ਸੁਰੱਖਿਆ ਡਾਇਰੈਕਟਰ ਜਨਰਲ ਮਾਈਕ ਬਰਗੇਸ ਨੇ ਖੁਲਾਸਾ ਕੀਤਾ ਹੈ ਕਿ ਇੱਕ ਵਿਦੇਸ਼ੀ ਜਾਸੂਸਾਂ ਦੀ ਟੀਮ ਨੇ ਆਸਟ੍ਰੇਲੀਆ ਦੇ ਇੱਕ ਸਾਬਕਾ ਸਿਆਸਤਦਾਨ ਨੂੰ ਆਪਣੇ ਚੁੰਗਲ ’ਚ ਫਸਾ ਲਿਆ ਸੀ। ਬਰਗਿਸ ਨੇ ਕਿਹਾ ਕਿ ਇਸ ਸਿਆਸਤਦਾਨ ਨੇ ‘ਆਪਣੇ ਦੇਸ਼, ਪਾਰਟੀ ਅਤੇ ਸਾਬਕਾ ਸਾਥੀਆਂ ਨੂੰ ਵਿਦੇਸ਼ੀ ਸ਼ਾਸਨ ਦੇ ਹੱਥਾਂ ’ਚ ਵੇਚ ਦਿੱਤਾ’ ਸੀ।
ਇਹੀ ਨਹੀਂ ਇਸ ਸਿਆਸਤਦਾਨ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਵੀ ਜਾਸੂਸਾਂ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਇਸ ਤੋਂ ਪਹਿਲਾਂ ਹੀ ASIO ਨੇ ਟੀਮ ਦਾ ਪਰਦਾਫ਼ਾਸ਼ ਕਰ ਦਿੱਤਾ। ਬਰਗਿਸ ਨੇ ਕਿਹਾ ਕਿ ‘ਏ-ਟੀਮ’ ਕਹੇ ਜਾਣ ਵਾਲੇ ਵਿਦੇਸ਼ੀ ਜਾਸੂਸਾਂ ਦਾ ਇਹ ਨੈੱਟਵਰਕ ਹੁਣ ਗ਼ੈਰਸਰਗਰਮ ਕਰ ਦਿੱਤਾ ਗਿਆ ਹੈ, ਜਿਸ ਦਾ ਉਦੇਸ਼ ਖ਼ੁਫ਼ੀਆ ਜਾਣਕਾਰੀ ਹਾਸਲ ਕਰ ਕੇ ਆਸਟ੍ਰੇਲੀਆ ’ਚ ਵਿਦੇਸ਼ੀ ਸ਼ਾਸਨ ਦੇ ਹਿੱਤਾਂ ਨੂੰ ਅੱਗੇ ਵਧਾਉਣਾ ਸੀ। ਬਰਗੇਸ ਨੇ ਕਿਹਾ ਕਿ ਇਸ ਟੀਮ ਨੂੰ ਜਨਤਕ ਕਰਨ ਦਾ ਉਦੇਸ਼ ਲੋਕਾਂ ਵਿਚ ਇਸ ਮੁਹਿੰਮ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਜਾਸੂਸੀ ਟੀਮ ਨੂੰ ਨੋਟਿਸ ‘ਤੇ ਰੱਖਣਾ ਸੀ। ਹਾਲਾਂਕਿ ਉਸ ਦੇਸ਼ ਦਾ ਨਾਂ ਨਹੀਂ ਦੱਸਿਆ ਗਿਆ ਹੈ ਜਿਸ ਨੇ ਇਸ ਟੀਮ ਨੂੰ ਆਸਟ੍ਰੇਲੀਆ ਵਿਰੁਧ ਕੰਮ ’ਤੇ ਲਾਇਆ ਸੀ।
ਇਸ ਵਿਦੇਸ਼ੀ ਜਾਸੂਸੀ ਟੀਮ ਨੇ ਆਸਟ੍ਰੇਲੀਆ ਅੰਦਰ ਗੁਪਤ ਜਾਣਕਾਰੀ ਤੱਕ ਪਹੁੰਚ ਵਾਲੇ ਵਿਅਕਤੀਆਂ ਦੀ ਭਰਤੀ ਕਰਨ ਲਈ ਸੋਸ਼ਲ ਮੀਡੀਆ, ਵਿਦੇਸ਼ਾਂ ’ਚ ਵਿਸ਼ਾਲ ਕਾਨਫਰੰਸਾਂ ਸਮੇਤ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕੀਤੀ। ਇਸ ਟੀਮ ਨੇ ਵਿਦਿਆਰਥੀਆਂ, ਅਕਾਦਮਿਕਾਂ, ਸਿਆਸਤਦਾਨਾਂ, ਕਾਰੋਬਾਰੀਆਂ, ਪੁਲਿਸ ਅਫ਼ਸਰਾਂ, ਸਰਕਾਰੀ ਮੁਲਾਜ਼ਮਾਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਜਾਣਕਾਰੀ ਬਦਲੇ ਹਜ਼ਾਰਾਂ ਡਾਲਰ ਅਤੇ ਖੁਫ਼ੀਆ ਜਾਣਕਾਰੀ ਦੇਣ ਲਈ ਹੋਰ ਜ਼ਿਆਦਾ ਰਕਮ ਦੀ ਪੇਸ਼ਕਸ਼ ਕੀਤੀ ਸੀ। ਇਸ ਖ਼ੁਲਾਸੇ ਤੋਂ ਬਾਅਦ ਦੇਸ਼ ਨਾਲ ਗ਼ੱਦਾਰੀ ਕਰਨ ਵਾਲੇ ਆਸਟ੍ਰੇਲੀਆ ਦੇ ਉਸ ਸਿਆਸਤਦਾਨ ਦਾ ਨਾਂ ਜਨਤਕ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ।