ਮੈਲਬਰਨ: ਆਸਟ੍ਰੇਲੀਆ ਦੀ ਕੰਜ਼ਿਊਮਰ ਵਾਚਡੌਗ ਸੰਸਥਾ ਆਸਟ੍ਰੇਲੀਆ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ACCC) ਕਾਰ ਖਰੀਦਦਾਰਾਂ ਨੂੰ ਗੁੰਮਰਾਹ ਕਰਨ ਦੇ ਦੋਸ਼ਾਂ ਨੂੰ ਲੈ ਕੇ ਗ੍ਰੇਜ਼ ਈ-ਕਾਮਰਸ ਗਰੁੱਪ ਲਿਮਟਿਡ (Grays eCommerce Group Limited) ਨੂੰ ਅਦਾਲਤ ਲੈ ਕੇ ਜਾ ਰਹੀ ਹੈ। ACCC ਦਾ ਦੋਸ਼ ਹੈ ਕਿ ਗ੍ਰੇਜ਼ ਨੇ ਘੱਟੋ-ਘੱਟ 750 ਮਾਮਲਿਆਂ ਵਿੱਚ ਖ਼ਰਾਬ ਕਾਰਾਂ ਨੂੰ ਵੀ ਠੀਕ ਦਸਿਆ, ਜਿਸ ਕਾਰਨ ਖ਼ਰੀਦਦਾਰਾਂ ਨੇ ਉਹ ਖਰੀਦੀ ਜੋ ਸ਼ਾਇਦ ਉਹ ਨਾ ਖ਼ਰੀਦਦੇ ਜਾਂ ਉਸ ਦੀ ਘੱਟ ਕੀਮਤ ਅਦਾ ਕਰਦੇ।
ਵਾਚਡੌਗ ਦਾ ਦਾਅਵਾ ਹੈ ਕਿ ਕਾਰਾਂ ਦਾ ਇਸ਼ਤਿਹਾਰ ਗਲਤ ਵੇਰਵਿਆਂ ਨਾਲ ਦਿੱਤਾ ਗਿਆ ਸੀ ਜਿਵੇਂ ਕਿ ਕਾਰ ਕਿਹੜੇ ਮਾਡਲ ਦੀ ਹੈ। ਇਸ ਤੋਂ ਇਲਾਵਾ, ਨਿਲਾਮੀ ਦੇ ਵੇਰਵੇ ’ਚ ਕਥਿਤ ਤੌਰ ਕਾਰਾਂ ’ਚ ਅਜਿਹੀਆਂ ਵਿਸ਼ੇਸ਼ਤਾਵਾਂ ਦਾ ਦਾਅਵਾ ਕੀਤਾ ਗਿਆ ਜੋ ਉਨ੍ਹਾਂ ਕਾਰਾਂ ਵਿੱਚ ਨਹੀਂ ਸਨ, ਅਤੇ ਇਸ਼ਤਿਹਾਰਾਂ ਵਿੱਚ ਕਾਰਾਂ ਨੂੰ ਹੋਏ ਨੁਕਸਾਨ ਜਾਂ ਚੇਤਾਵਨੀ ਲਾਈਟਾਂ ਦੀ ਮੌਜੂਦਗੀ ਵਰਗੀਆਂ ਗਲਤੀਆਂ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ।
ਗ੍ਰੇਜ਼ ਨੇ ਖਪਤਕਾਰਾਂ ਨੂੰ ਗੁੰਮਰਾਹ ਕਰਨ ਦੀ ਗੱਲ ਕਬੂਲ ਕਰ ਲਈ ਹੈ ਅਤੇ ਕੁਝ ਗਾਹਕਾਂ ਨੂੰ ਨਿਪਟਾਰੇ ਦੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ। ਇਸ ਦੌਰਾਨ ACCC ਨੇ ਲੋਕਾਂ ਨੂੰ ਇੱਕ ਸੰਭਾਵਿਤ ਘਪਲੇ ਬਾਰੇ ਵੀ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਨਾਲ ਕੋਈ ਘਪਲੇਬਾਜ਼ ਗ੍ਰੇਜ਼ ਪ੍ਰਤੀਨਿਧੀ ਹੋਣ ਦਾ ਦਾਅਵਾ ਕਰ ਸਕਦਾ ਹੈ ਅਤੇ ਰਿਫੰਡ ਦੇ ਨਾਂ ’ਤੇ ਉਨ੍ਹਾਂ ਨਾਲ ਠੱਗੀ ਮਾਰ ਸਕਦਾ ਹੈ।