ਮੈਲਬਰਨ: ਭਾਰਤ ਦੇ ਉੱਤਰ ਪ੍ਰਦੇਸ਼ ਦੇ ਅਯੁੱਧਿਆ ‘ਚ ਸਥਿਤ ਰਾਮ ਜਨਮ ਭੂਮੀ ਮੰਦਰ ਦਾ ਉਦਘਾਟਨ 22 ਜਨਵਰੀ ਨੂੰ ਹੋਵੇਗਾ। ਇਹ ਮੰਦਰ ਹਿੰਦੂ ਧਰਮ ਦੇ ਪੂਜਨੀਕ ਦੇਵਤਾ ਭਗਵਾਨ ਰਾਮ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ। ਇਸੇ ਖ਼ੁਸ਼ੀ ’ਚ ਆਸਟ੍ਰੇਲੀਆਈ ਹਿੰਦੂ ਭਾਈਚਾਰਾ ਵੀ ਦੇਸ਼ ਭਰ ਦੇ ਮੰਦਰਾਂ ਵਿੱਚ ਸਮਾਗਮਾਂ ਨਾਲ ਉਦਘਾਟਨ ਦਾ ਜਸ਼ਨ ਮਨਾ ਰਿਹਾ ਹੈ। ਆਸਟ੍ਰੇਲੀਆ ਵਸਤੇ ਹਿੰਦੂ ਅਯੁੱਧਿਆ ਤੋਂ ਭੇਜੇ ਗਏ ਚਾਵਲ ਦੇ ਦਾਣੇ ਅਤੇ ਹਲਦੀ ਨਾਲ ਭਰੇ ਕਲਸ਼ ਦੇ ਜਲੂਸ ਵਿੱਚ ਹਿੱਸਾ ਲੈ ਰਹੇ ਹਨ, ਜਿਸ ਨੂੰ ਕਲਸ਼ ਯਾਤਰਾ ਕਿਹਾ ਜਾਂਦਾ ਹੈ। ਹਿੰਦੂ ਕੌਂਸਲ ਆਫ ਆਸਟਰੇਲੀਆ WA ਦੇ ਪ੍ਰਧਾਨ ਦਾਮਜੀ ਭਾਈ ਕੋਰੀਆ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦਸਿਆ ਕਿ ਭਾਈਚਾਰੇ ਦੇ ਮੈਂਬਰ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਾਮ ਮੰਦਰ ਸਮਾਰੋਹ ਦੀ ਲਾਈਵ ਸਟ੍ਰੀਮਿੰਗ ਦੀ ਮੇਜ਼ਬਾਨੀ ਵੀ ਕਰ ਰਹੇ ਹਨ।
ਹਾਲਾਂਕਿ ਮੈਲਬਰਨ ਦੇ ਰਾਜਨੀਤਿਕ ਵਿਸ਼ਲੇਸ਼ਕ ਗ੍ਰਾਂਟ ਵਾਈਥ ਦਾ ਮੰਨਣਾ ਹੈ ਕਿ ਮੰਦਰ ਦੇ ਉਦਘਾਟਨ ਤੋਂ ਬਾਅਦ ਆਸਟ੍ਰੇਲੀਆ ਵਿਚ ਭਾਰਤੀ ਪ੍ਰਵਾਸੀ ਇਸ ਨੂੰ ਇਸ ਨਵੇਂ ਭਾਰਤੀ ਰਾਸ਼ਟਰਵਾਦ ਲਈ ਇਕ ਮਹੱਤਵਪੂਰਣ ਮੀਲ ਪੱਥਰ ਵਜੋਂ ਮਨਾ ਰਹੇ ਹਨ, ਜਦੋਂ ਕਿ ਕੁਝ ਇਸ ਨੂੰ ਇਕ ਰਾਜਨੀਤਿਕ ਘਟਨਾ ਵਜੋਂ ਦੇਖਦੇ ਹਨ। ਵਾਇਥ ਨੇ ਕਿਹਾ ਕਿ ਸਿਰਫ ਰਾਜਨੀਤਿਕ ਸੱਤਾ ਹਾਸਲ ਕਰਨ ਤੋਂ ਇਲਾਵਾ ਰਾਮ ਮੰਦਰ ਪਾਰਟੀ (ਭਾਜਪਾ) ਦੀਆਂ ਕਮੀਆਂ ਪ੍ਰਤੀ ਵਧ ਰਹੀ ਮੁਆਫ਼ੀ ਦਾ ਪ੍ਰਤੀਕ ਵੀ ਹੈ।
ਜਦਕਿ ਇਸ ਸਮਾਗਮ ਨੇ ਭਾਰਤੀ ਪ੍ਰਵਾਸੀਆਂ ਵਿੱਚ ਮਿਸ਼ਰਤ ਪ੍ਰਤੀਕਿਰਿਆਵਾਂ ਪ੍ਰਾਪਤ ਕੀਤੀਆਂ ਹਨ। ਮੁਸਲਿਮ ਪਿਛੋਕੜ ਵਾਲੀ ਮੈਲਬਰਨ ਦੀ ਵਸਨੀਕ ਬੁਸ਼ਰਾ ਹਸਨ ਨੇ ਮੰਦਰ ਦੀ ਉਸਾਰੀ ‘ਤੇ ਇਤਰਾਜ਼ ਜਤਾਇਆ ਅਤੇ ਇਸ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਸਿਆਸੀ ਕਦਮ ਦੱਸਿਆ। ਸਿਡਨੀ ਸਥਿਤ ਅੰਤਰਰਾਸ਼ਟਰੀ ਸਬੰਧਾਂ ਦੇ ਵਿਦਿਆਰਥੀ ਰਜਨਿਖਿਲ ਮਲਾਰਾਮੁਥਨ ਨੇ ਵੀ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਕਿਹਾ ਕਿ ਮੰਦਰ ਭਾਰਤ ਵਿਚ ਪੂਰੀ ਹਿੰਦੂ ਆਬਾਦੀ ਦੀਆਂ ਭਾਵਨਾਵਾਂ ਨੂੰ ਨਹੀਂ ਦਰਸਾਉਂਦਾ।