ਮੈਲਬਰਨ: ਮੈਲਬਰਨ ਦੇ ਡਨਕਾਸਟਰ ਵਾਸੀ ਇੱਕ ਡਾਕਟਰ ਦੇ ਕਤਲ ਕੇਸ ’ਚ ਪੁਲਿਸ ਨੇ 16 ਸਾਲਾਂ ਦੇ ਦੋ ਨਾਬਾਲਗ ਮੁੰਡਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਸਨਿਚਰਵਾਰ ਦੀ ਅੱਧੀ ਰਾਤ ਲੁੱਟ ਦੇ ਇਰਾਦੇ ਨਾਲ ਡਾਕਟਰ ਐਸ਼ ਗੋਰਡਨ (33) ਦੇ ਘਰ ਵੜੇ ਸਨ। ਪਰ ਇਸ ਬਹਾਦਰ ਡਾਕਟਰ ਨੇ ਦੋਹਾਂ ਨੂੰ ਮਾਰ ਕੇ ਭਜਾ ਦਿੱਤਾ ਸੀ ਅਤੇ ਉਨ੍ਹਾਂ ਨੂੰ ਫੜਨ ਦੇ ਇਰਾਦੇ ਨਾਲ ਅੱਧਾ ਕਿਲੋਮੀਟਰ ਤਕ ਪਿੱਛਾ ਵੀ ਕੀਤਾ। ਹਾਲਾਂਕਿ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।
ਪੁਲਿਸ ਨੇ ਦੋਹਾਂ ’ਤੇ ਗੋਰਡਨ ਦੇ ਘਰ ’ਚ ਵੜ ਕੇ ਚੋਰੀ ਕਰਨ ਅਤੇ ਕਤਲ ਕਰਨ ਦਾ ਇਲਜ਼ਾਮ ਲਾਇਆ ਹੈ। ਦੋਹਾਂ ਨੇ ਲੈਪਟਾਪ ਅਤੇ ਜੁੱਤੇ ਚੋਰੀ ਕੀਤੇ ਸਨ। ਜੱਜ ਸਾਹਮਣੇ ਇੱਕ ਮੁੰਡੇ ਨੇ ਕਿਹਾ ਹੈ ਕਿ ਉਸ ਦਾ ਕੋਈ ਮਾਤਾ-ਪਿਤਾ ਜਾਂ ਹੋਰ ਗਾਰਡੀਅਨ ਨਹੀਂ ਹੈ, ਜਦਕਿ ਦੂਜੇ ਨੂੰ ਪਹਿਲੀ ਵਾਰੀ ਕਿਸੇ ਜੁਰਮ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕੇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਅਗਲੀ ਸੁਣਵਾਈ ਬਾਲ ਅਦਾਲਤ ’ਚ ਹੋਵੇਗੀ।
ਨੌਜੁਆਨ ਡਾਕਟਰ ਦੀ ਮੌਤ ਤੋਂ ਬਾਅਦ ਉਸ ਨੂੰ ਸ਼ਰਧਾਂਜਲੀਆਂ ਦਾ ਹੜ੍ਹ ਆ ਗਿਆ ਹੈ। ਉਸ ਦੀ ਭੈਣ ਨੇ ਉਸ ਨੂੰ ਆਪਣਾ ‘ਸੰਸਾਰ’ ਦੱਸਿਆ। ਆਪਣੇ ਭਰਾ ਦੇ ਕਤਲ ਕਾਰਨ ਦੁਖੀ ਡਾ. ਐਸ਼ ਦੀ ਭੈਣ ਨੇ ਆਸਟ੍ਰੇਲੀਆ ਦੀ ਨਿਆਂ ਵਿਵਸਥਾ ’ਤੇ ਸਵਾਲ ਚੁੱਕੇ ਸਨ ਅਤੇ ਕਿਹਾ ਸੀ ਕਿ ‘ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਸਿਖਾਉਣਾ ਚਾਹੀਦਾ ਹੈ ਤਾਂ ਕਿ ਉਹ ਹੋਰਨਾਂ ਲੋਕਾਂ ਦੀ ਕਦਰ ਕਰਨੀ ਸਿੱਖਣ ਅਤੇ ਇਨਸਾਨਾਂ ਇਸ ਤਰ੍ਹਾਂ ਨਾ ਕਰਨ ਜਿਸ ਤਰ੍ਹਾਂ ਦੇ ਮੇਰੇ ਭਰਾ ਨਾਲ ਕੀਤਾ ਗਿਆ।’