ਮੈਲਬਰਨ: ਭਾਰਤ ਅਤੇ ਨਿਊਜ਼ੀਲੈਂਡ ਨੇ ਵਪਾਰ ਦੀਆਂ ਰੁਕਾਵਟਾਂ ਨੂੰ ਘੱਟ ਕਰਨ ਅਤੇ ਆਰਥਿਕ ਸਬੰਧਾਂ ਨੂੰ ਹੁਲਾਰਾ (stronger trade ties) ਦੇਣ ਲਈ ਵਧੇਰੇ ਨਿਵੇਸ਼ਕ-ਅਨੁਕੂਲ ਵਾਤਾਵਰਣ ਬਣਾਉਣ ਦੇ ਉਪਾਵਾਂ ‘ਤੇ ਚਰਚਾ ਕੀਤੀ ਹੈ। ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅਤੇ ਨਿਊਜ਼ੀਲੈਂਡ ਦੇ ਉਨ੍ਹਾਂ ਦੇ ਹਮਰੁਤਬਾ ਟੌਡ ਮੈਕਲੇ ਵਿਚਾਲੇ 19 ਦਸੰਬਰ ਨੂੰ ਹੋਈ ਬੈਠਕ ਦੌਰਾਨ ਇਨ੍ਹਾਂ ਮੁੱਦਿਆਂ ‘ਤੇ ਚਰਚਾ ਕੀਤੀ ਗਈ।
ਵਣਜ ਮੰਤਰਾਲੇ ਨੇ ਕਿਹਾ ਕਿ ਦੋਹਾਂ ਮੰਤਰੀਆਂ ਨੇ ਵਪਾਰ ਸਹੂਲਤ ਦੀ ਮਹੱਤਤਾ ਨੂੰ ਪਛਾਣਿਆ ਅਤੇ ਵਪਾਰ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ, ਰੁਕਾਵਟਾਂ ਨੂੰ ਘਟਾਉਣ ਅਤੇ ਦੋਹਾਂ ਦੇਸ਼ਾਂ ਦੇ ਕਾਰੋਬਾਰੀ ਖੇਤਰਾਂ ਅਤੇ ਨਿਵੇਸ਼ਕਾਂ ਲਈ ਵਧੇਰੇ ਨਿਵੇਸ਼ਕ ਅਨੁਕੂਲ ਮਾਹੌਲ ਨੂੰ ਉਤਸ਼ਾਹਤ ਕਰਨ ਦੇ ਉਪਾਵਾਂ ‘ਤੇ ਚਰਚਾ ਕੀਤੀ।
ਜਾਰੀ ਬਿਆਨ ਅਨੁਸਾਰ ਦੋਹਾਂ ਮੰਤਰੀਆਂ ਨੇ ਖੇਤੀਬਾੜੀ, ਜੰਗਲਾਤ, ਫਾਰਮਾ ਕਨੈਕਟੀਵਿਟੀ, ਸਿੱਖਿਆ ਅਤੇ ਸੈਰ-ਸਪਾਟਾ ਖੇਤਰਾਂ ਵਿੱਚ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਇਸ ਵਿਚ ਕਿਹਾ ਗਿਆ ਹੈ ਕਿ 1986 ਦੇ ਭਾਰਤ-ਨਿਊਜ਼ੀਲੈਂਡ ਵਪਾਰ ਸਮਝੌਤੇ ਤਹਿਤ ਸਥਾਪਿਤ ਸੰਯੁਕਤ ਵਪਾਰ ਕਮੇਟੀ (JTC) ਦੀ ਸਾਲਾਨਾ ਬੈਠਕ ਅਤੇ ਸੀਨੀਅਰ ਪੱਧਰ ‘ਤੇ ਨਿਯਮਤ ਰੁਝੇਵਿਆਂ ਦੀ ਮਹੱਤਤਾ ਦੀ ਵੀ ਸ਼ਲਾਘਾ ਕੀਤੀ ਗਈ ਅਤੇ ਉਹ ਵਪਾਰ, ਨਿਵੇਸ਼ ਦੇ ਮੁੱਦਿਆਂ ਅਤੇ ਕੋ-ਆਪਰੇਟਿਵ ਗਤੀਵਿਧੀਆਂ ‘ਤੇ ਦੁਵੱਲੇ ਵਿਚਾਰ-ਵਟਾਂਦਰੇ ਲਈ ਨਿਯਮਤ ਆਧਾਰ ‘ਤੇ ਮਿਲਣ ਲਈ ਸਹਿਮਤ ਹੋਏ। ਨਿਊਜ਼ੀਲੈਂਡ ਭਾਰਤ ਦਾ 11ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਸਿੱਖਿਆ ਅਤੇ ਸੈਰ-ਸਪਾਟਾ ਦੋ ਅਜਿਹੇ ਖੇਤਰ ਹਨ ਜਿਨ੍ਹਾਂ ’ਚ ਨਿਊਜ਼ੀਲੈਂਡ ਵੱਡੀ ਤਰੱਕੀ ਕਰਨਾ ਚਾਹੁੰਦਾ ਹੈ। ਦੋਹਾਂ ਦੇਸ਼ਾਂ ਵਿਚਕਾਰ 2022-23 ਦੌਰਾਨ ਦੁਵੱਲਾ ਕਾਰੋਬਾਰ 1 ਅਰਬ ਅਮਰੀਕੀ ਡਾਲਰ ਰਿਹਾ।