ਮੈਲਬਰਨ: ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਰਕਾਰ ਵਿਦਿਆਰਥੀਆਂ ਨਾਲ ਸਖ਼ਤੀ ਦੇ ਰੌਂਅ ਵਿੱਚ ਹੈ।ਜਿਹੜੇ ਵਿਦਿਆਰਥੀ ਪੜ੍ਹਾਈ ਦੀ ਥਾਂ ਸਿਰਫ਼ ਕਮਾਈ ’ਤੇ ਲੱਗੇ ਹੋਏ ਹਨ, ਉਹ ਸਰਕਾਰ ਦੇ ਨਿਸ਼ਾਨੇ ’ਤੇ ਹਨ। ਏਅਰਪੋਰਟ ’ਤੇ ਭਾਰਤੀ, ਬੰਗਲਾਦੇਸ਼ੀ ਅਤੇ ਪਾਕਿਸਤਾਨੀ ਬੱਚਿਆਂ ਦੇ ਪਾਸਪੋਰਟ ਲੈ ਕੇ ਉਨ੍ਹਾਂ ਦੀ ਕਾਲਜਾਂ ਯੂਨੀਵਰਸਿਟੀਆਂ ਤੋਂ ਹਾਜ਼ਰੀ ਚੈੱਕ ਕੀਤੀ ਜਾਂਦੀ ਹੈ। ਜੇਕਰ ਕਿਸੇ ਦੀ ਹਾਜ਼ਰੀ 80% ਤੋਂ ਘੱਟ ਹੈ ਤਾਂ ਉਸ ਦਾ ਵੀਜ਼ਾ ਕੈਂਸਲ ਕਰ ਕੇ ਵਾਪਸ ਮੋੜਿਆ ਜਾ ਰਿਹਾ ਹੈ।ਇੱਕ ਵਾਰ ਕੈਂਸਲ ਹੋਇਆ ਵੀਜ਼ਾ ਤੁਹਾਡੇ ਕਰੀਅਰ ’ਤੇ ਧੱਬਾ ਬਣ ਜਾਂਦਾ ਹੈ।
ਪੰਜਾਬ ਵੱਲ ਮੂੰਹ ਕਰਨ ਤੋਂ ਪਹਿਲਾਂ ਆਪਣੀਆਂ ਹਾਜ਼ਰੀਆਂ ਚੈੱਕ ਕਰ ਲਓ। ਬਿਨਾਂ ਮਤਲਬ ਤੋਂ ਪੰਜਾਬ ਨੂੰ ਐਵੇਂ ਵਿਆਹ-ਸ਼ਾਦੀਆਂ ’ਤੇ ਨਾਂ ਤੁਰੇ ਰਹੋ। ਜੇ ਕੋਈ ਜਰੂਰੀ ਕੰਮ ਹੈ ਤਾਂ ਹੀ ਜਾਓ।ਯਾਦ ਰੱਖੋ ਤੁਸੀਂ ਕਮਾਈ ਕਰਨ ਯੋਗ ਤਾਂ ਹੀ ਰਹੋਗੇ ਜੇ ਪੜ੍ਹਾਈ ਵਾਲੀਆਂ ਸ਼ਰਤਾਂ ਪੂਰੀਆਂ ਰੱਖੋਗੇ ਅਤੇ ਆਪਣਾ ਵੀਜ਼ਾ ਬਚਾ ਕੇ ਰੱਖੋਗੇ। ਕੰਮਾਂ ਦੇ ਨਾਲ-ਨਾਲ ਆਪਣੀਆਂ ਹਾਜ਼ਰੀਆਂ ਦਾ ਵੀ ਖਿਆਲ ਰੱਖੋ। ਕਾਲਜਾਂ ਨੇ ਤੁਹਾਡੀ ਮਦਦ ਓਦੋਂ ਤੱਕ ਹੀ ਕਰਨੀ ਹੈ ਜਦੋਂ ਤੱਕ ਉਨ੍ਹਾਂ ਨੂੰ ਆਪ ਨੂੰ ਕੋਈ ਖ਼ਤਰਾ ਨਾ ਹੋਵੇ।ਜਿੱਥੇ ਉਨ੍ਹਾਂ ਨੂੰ ਸਰਕਾਰ ਦਾ ਦਬਕਾ ਵੱਜਾ, ਉਨ੍ਹਾਂ ਤੁਹਾਡਾ ਹਾਜ਼ਰੀਆਂ ਅਤੇ ਕੋਰਸ ਪ੍ਰੌਗਰੈੱਸ ਦਾ ਰਿਕਾਰਡ ਝੱਟ ਕੱਢ ਕੇ ਸਰਕਾਰ ਦੀ ਤਲੀ ’ਤੇ ਰੱਖ ਦੇਣਾ ਹੈ।ਕਾਲਜਾਂ/ਯੂਨੀਵਰਸਿਟੀਆਂ ਦੀ ਫ਼ੀਸ ਸਮੇਂ ਸਿਰ ਦਿਓ ਅਤੇ ਆਪਣੀਆਂ ਅਸਾਈਨਮੈਂਟਾਂ ਵਗੈਰਾ ਅੱਪ ਟੂ ਡੇਟ ਰੱਖੋ।
ਜਦੋਂ ਤੱਕ ਸਰਕਾਰ ਹੱਥ ਕੁਹਾੜਾ ਹੈ, ਬਚ-ਬਚ ਕੇ ਪਾਸੇ ਦੀ ਲੰਘੋ।