ਮੈਲਬਰਨ: ਐਡੀਲੇਡ ਵਿੱਚ ਆਪਣੀ ਕਾਰ ਵੇਚਣ ਦੀ ਕੋਸ਼ਿਸ਼ ਕਰ ਰਹੇ ਇੱਕ ਵਿਅਕਤੀ ਨੂੰ ਕਥਿਤ ਤੌਰ ‘ਤੇ ਸ਼ੀਸ਼ੇ ਦੇ ਟੁਕੜਿਆਂ ਨਾਲ ਹਮਲਾ (Attack on Adelaid Man) ਕਰ ਕੇ ਲਹੂ-ਲੁਹਾਨ ਕਰ ਦਿੱਤਾ ਗਿਆ। 31 ਸਾਲ ਦਾ ਮੁਹੰਮਦ ਬਿਲਾਲ ਤਿੰਨ ਦਿਨ ਪਹਿਲਾਂ ਫੇਸਬੁੱਕ ਮਾਰਕੀਟਪਲੇਸ ‘ਤੇ ਆਪਣੀ ਸੁਬਰੂ ਇਮਪ੍ਰੇਜ਼ਾ ਵੇਚਣਾ ਚਾਹੁੰਦਾ ਸੀ। ਬਿਲਾਲ ਨੇ ਮੰਗਲਵਾਰ ਰਾਤ ਨੂੰ ਕਲੇਰੈਂਸ ਗਾਰਡਨ ਦੇ ਅਵੋਕਾ ਹੋਟਲ ਦੇ ਕਾਰ ਪਾਰਕ ਵਿਚ ਇਕ ਦਿਲਚਸਪੀ ਰੱਖਣ ਵਾਲੇ ਖਰੀਦਦਾਰ ਅਤੇ ਉਸ ਦੇ ਦੋ ਦੋਸਤਾਂ ਨਾਲ ਮੁਲਾਕਾਤ ਕੀਤੀ। ਸੱਚੇ ਲੱਗ ਰਹੇ ਖ਼ਰੀਦਦਾਰ ਨੇ ਬਿਲਾਲ ਨੂੰ ਮਿਲਣ ਤੋਂ ਪਹਿਲਾਂ ਆਪਣੀ ਆਈ.ਡੀ. ਅਤੇ 20 ਡਾਲਰ ਪੇਸ਼ਗੀ ਵੀ ਦਿੱਤੀ। ਪਰ ਇੱਕ ਛੋਟੀ ਜਿਹੀ ਟੈਸਟ ਡਰਾਈਵ ਤੋਂ ਬਾਅਦ ਸੰਭਾਵਿਤ ਖਰੀਦਦਾਰ ਨੇ ਰੰਗ ਬਦਲ ਲਿਆ ਅਤੇ ਬਿਲਾਲ ਨੂੰ ਆਪਣਾ ਫੋਨ ਸੌਂਪਣ ਦੀ ਮੰਗ ਕੀਤੀ। ਬਿਲਾਲ ਅਨੁਸਾਰ ਉਸ ਨੇ ਕਿਹਾ ਸੀ, ‘‘ਜੇ ਤੂੰ ਮੈਨੂੰ ਆਪਣਾ ਫੋਨ ਦੇ ਦੇਵੇਂ ਤਾਂ ਮੈਂ ਤੈਨੂੰ ਪੈਸੇ ਟ੍ਰਾਂਸਫਰ ਕਰਾਂਗਾ। ਨਹੀਂ ਤਾਂ ਤੂੰ ਪੈਸੇ ਅਤੇ ਕਾਰ ਵੀ ਗੁਆ ਦੇਵੇਂਗਾ।’’
ਜਦੋਂ ਬਿਲਾਲ ਨੇ ਇਨਕਾਰ ਕਰ ਦਿੱਤਾ ਤਾਂ ਤਿੰਨਾਂ ਨੇ ਕਥਿਤ ਤੌਰ ‘ਤੇ ਉਸ ਨਾਲ ਕੁੱਟਮਾਰ ਕੀਤੀ। ਬਿਲਾਲ ਨੇ ਕਿਹਾ, ‘‘ਉਸ ਨੇ ਮੇਰੇ ਚਿਹਰੇ ‘ਤੇ ਸ਼ੀਸ਼ੇ ਦੇ ਟੁਕੜੇ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ।’’ ਬਿਲਾਲ ਨੇ ਦੱਸਿਆ ਕਿ ਜਦੋਂ ਉਹ ਜ਼ਖ਼ਮੀ ਪਿਆ ਤੜਪ ਰਿਹਾ ਸੀ ਤਾਂ ਉਸ ਦੀ ਕਾਰ ਅਤੇ 6500 ਡਾਲਰ ਦੀ ਨਕਦੀ ਖੋਹ ਲਈ ਗਈ। ਬਿਲਾਲ ਨੇ ਕਿਹਾ ਕਿ ਇਹ ਸਾਰਾ ਕੁਝ ਏਨੀ ਛੇਤੀ ਵਾਪਰਿਆ ਕਿ ਉਸ ਨੂੰ ਪਤਾ ਵੀ ਨਾ ਲੱਗਾ ਕਿ ਕੀ ਹੋ ਰਿਹਾ ਹੈ।
ਕੁਝ ਮਿੰਟਾਂ ਬਾਅਦ, ਤਿੰਨ ਲੋਕਾਂ ਨੂੰ ਐਡਵਰਡਸਟਾਊਨ ਦੇ ਇੱਕ ਕਾਰੋਬਾਰ ਦੇ ਬਾਹਰ ਕਾਰ ਛੱਡਦਿਆਂ ਵੇਖਿਆ ਗਿਆ। ਬੁੱਧਵਾਰ ਸਵੇਰੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਅਤੇ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਅਦਾਲਤ ਦਾ ਸਾਹਮਣਾ ਕਰਨਾ ਪਵੇਗਾ।
ਬਿਲਾਲ ਨੂੰ ਪਲਾਸਟਿਕ ਸਰਜਰੀ ਲਈ ਹਸਪਤਾਲ ਵਿੱਚ ਦੋ ਦਿਨ ਉਡੀਕ ਕਰਨ ਲਈ ਮਜਬੂਰ ਕੀਤਾ ਗਿਆ ਸੀ ਪਰ ਉਦੋਂ ਤੋਂ ਉਸ ਨੂੰ ਘਰ ਜਾਣ ਦੀ ਆਗਿਆ ਦਿੱਤੀ ਗਈ ਹੈ। ਉਸ ਨੇ ਕਿਹਾ, ‘‘ਜ਼ਿਆਦਾ ਦਰਦ ਮੇਰੇ ਜ਼ਿਹਨ ’ਚ ਹੋ ਰਿਹਾ ਹੈ।’’