ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਫ਼ਿਲਮਾਂ ਦੇ ਸਹਿ-ਨਿਰਮਾਣ ਲਈ ਸਮਝੌਤਾ (Film co-production agreement) ਅਮਲ ’ਚ ਆਇਆ

ਮੈਲਬਰਨ: ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਫ਼ਿਲਮਾਂ ਦਾ ਸਹਿ-ਨਿਰਮਾਣ ਸਮਝੌਤਾ (Film co-production agreement) ਅਮਲ ’ਚ ਆ ਗਿਆ ਹੈ। ਇਹ ਸਮਝੌਤਾ ਆਸਟ੍ਰੇਲੀਆਈ ਫ਼ਿਲਮ ਨਿਰਮਾਤਾਵਾਂ ਨੂੰ ਨਵੇਂ ਦਰਸ਼ਕਾਂ ਤੱਕ ਪਹੁੰਚਣ, ਉਦਯੋਗ ਨਿਵੇਸ਼ ਲਈ ਨਵੇਂ ਰਾਹ ਖੋਲ੍ਹਣ ਅਤੇ ਵਿਸ਼ਵ ਦੇ ਸਭ ਤੋਂ ਵੱਡੇ ਅਤੇ ਵਧ ਰਹੇ ਬਾਜ਼ਾਰਾਂ ਵਿੱਚੋਂ ਇੱਕ ਵਿੱਚ ਆਸਟ੍ਰੇਲੀਆਈ ਨਿਰਮਾਤਾਵਾਂ ਲਈ ਡਿਸਟ੍ਰੀਬਿਊਸ਼ਨ ਨੂੰ ਉਤਸ਼ਾਹਤ ਕਰਨ ਵਿੱਚ ਮਦਦ ਕਰੇਗਾ।

ਹੁਣ ਦੋਵਾਂ ਦੇਸ਼ਾਂ ਦੇ ਫ਼ਿਲਮ ਪ੍ਰੋਜੈਕਟ ਸਮਝੌਤੇ ਦੇ ਤਹਿਤ ਗ੍ਰਾਂਟਾਂ, ਕਰਜ਼ਿਆਂ ਅਤੇ ਟੈਕਸ ਰਿਆਇਤ ਸਮੇਤ ਸਰਕਾਰੀ ਫੰਡਾਂ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ। ਇਹ ਸਮਝੌਤਾ ਆਸਟ੍ਰੇਲੀਆਈ ਅਤੇ ਭਾਰਤੀ ਫਿਲਮ ਉਦਯੋਗਾਂ ਦਰਮਿਆਨ ਮੌਜੂਦਾ ਸਬੰਧਾਂ ਨੂੰ ਮਜ਼ਬੂਤ ਕਰੇਗਾ, ਆਸਟ੍ਰੇਲੀਆਈ ਨਿਰਮਾਤਾਵਾਂ ਨੂੰ ਨਵੇਂ ਦਰਸ਼ਕਾਂ ਤੱਕ ਪਹੁੰਚਣ ਅਤੇ ਆਸਟ੍ਰੇਲੀਆਈ ਦਰਸ਼ਕਾਂ ਨੂੰ ਨਵੀਆਂ ਕਹਾਣੀਆਂ ਨਾਲ ਜੁੜਨ ਵਿੱਚ ਸਹਾਇਤਾ ਕਰੇਗਾ।

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰਚ ਵਿਚ ਇਸ ਸਮਝੌਤੇ ਦਾ ਐਲਾਨ ਕੀਤਾ ਸੀ। ਆਸਟ੍ਰੇਲੀਆ ਦੇ ਕਲਾ ਮੰਤਰੀ ਟੋਨੀ ਬਰਕ ਐਮ.ਪੀ. ਨੇ ਕਿਹਾ, ‘‘ਭਾਰਤ ਇੱਕ ਗਲੋਬਲ ਫਿਲਮ ਪਾਵਰਹਾਊਸ ਹੈ ਅਤੇ ਇਹ ਸਮਝੌਤਾ ਆਸਟ੍ਰੇਲੀਆਈ ਸਕ੍ਰੀਨ ਇੰਡਸਟਰੀ ਲਈ ਚੰਗੀ ਖ਼ਬਰ ਹੈ।’’