ਮੈਲਬਰਨ: ਵਿਕਟੋਰੀਆ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਵਿਅਕਤੀ ਜਨਤਕ ਤੌਰ ’ਤੇ ਨਾਜ਼ੀ ਸਲੂਟ (Nazi Salute) ਦੀ ਵਰਤੋਂ ਕਰਦਾ ਹੈ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਹੁਣ ਇਹ ਸੰਕੇਤ ਹੁਣ ਗੈਰ-ਕਾਨੂੰਨੀ ਹੋ ਗਿਆ ਹੈ। ਸਟੇਟ ਸਰਕਾਰ ਨੇ ਨਸਲੀ ਰੂਪ ’ਚ ਅਪਮਾਨਜਨਕ ਇਸ ਇਸ਼ਾਰੇ ਨੂੰ ਗ਼ੈਰਕਾਨੂੰਨੀ ਬਣਾਉਣ ਲਈ ਮੰਗਲਵਾਰ ਨੂੰ ਕਾਨੂੰਨ ਪਾਸ ਕਰ ਦਿੱਤਾ। ਡਿਪਟੀ ਕਮਿਸ਼ਨਰ ਨੀਲ ਪੈਟਰਸਨ ਨੇ ਕਿਹਾ ਕਿ ਸੰਖੇਪ ਅਪਰਾਧ ਐਕਟ ’ਚ ਸੋਧ ਨੂੰ ਸ਼ੁੱਕਰਵਾਰ ਨੂੰ ਸ਼ਾਹੀ ਮਨਜ਼ੂਰੀ ਮਿਲੀ, ਮਤਲਬ ਕਿ ਇਹ ਸ਼ਨੀਵਾਰ ਤੋਂ ਲਾਗੂ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਜਨਤਕ ਤੌਰ ’ਤੇ ਨਾਜ਼ੀ ਸਲੂਟ ਕਰਨ ਲਈ ਵੱਧ ਤੋਂ ਵੱਧ 120 ਪੈਨਲਟੀ ਯੂਨਿਟਾਂ ਹੋਣਗੀਆਂ ‘ਜੋ ਲਗਭਗ 23,000 ਡਾਲਰ ਜੁਰਮਾਨਾ ਅਤੇ 12 ਮਹੀਨਿਆਂ ਤੱਕ ਦੀ ਕੈਦ’ ਬਣਦਾ ਹੈ।
ਉਨ੍ਹਾਂ ਦੀਆਂ ਟਿੱਪਣੀਆਂ ਇੱਕ ਹਫ਼ਤਾ ਪਹਿਲਾਂ ਫਲਿੰਡਰਜ਼ ਸਟ੍ਰੀਟ ਸਟੇਸ਼ਨ ਦੀਆਂ ਪੌੜੀਆਂ ’ਤੇ ਦੇਰ ਰਾਤ ਦੇ ਨਿਓ-ਨਾਜ਼ੀ ਪ੍ਰਦਰਸ਼ਨ ਤੋਂ ਬਾਅਦ ਆਈਆਂ ਹਨ, ਜੋ ਹਮਾਸ ਦੇ ਅਤਿਵਾਦੀ ਹਮਲੇ ਦੇ ਜਵਾਬ ਵਿੱਚ ਮੈਲਬੌਰਨ ਦੇ ਯਹੂਦੀ ਲੋਕਾਂ ਵਲੋਂ ਇੱਕ ਰੈਲੀ ਦੇ ਕੁੱਝ ਘੰਟਿਆਂ ਬਾਅਦ ਕੀਤਾ ਗਿਆ ਸੀ। ਨੈਸ਼ਨਲ ਸੋਸ਼ਲਿਸਟ ਨੈੱਟਵਰਕ ਦੇ ਲਗਭਗ 25 ਮੈਂਬਰਾਂ ਦੇ ਇੱਕ ਛੋਟੇ ਸਮੂਹ ਨੇ ਨਾਜ਼ੀ ਸਲੂਟ ਪੇਸ਼ ਕੀਤਾ ਸੀ ਅਤੇ ਇੱਕ ਸਾਮੀ ਵਿਰੋਧੀ ਚਿੰਨ੍ਹ ਪ੍ਰਦਰਸ਼ਿਤ ਕੀਤਾ। ਅਗਲੇ ਦਿਨ, ਪੁਲਿਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਹਟਾ ਦਿੱਤਾ ਸੀ। ਘਟਨਾ ਇਸ ਵੇਲੇ ਪੁਲਿਸ ਜਾਂਚ ਦੇ ਘੇਰੇ ਵਿੱਚ ਹੈ।
ਡਿਪਟੀ ਕਮਿਸ਼ਨਰ ਪੈਟਰਸਨ ਨੇ ਕਿਹਾ, ‘‘ਜੇਕਰ ਨੈਸ਼ਨਲ ਸੋਸ਼ਲਿਸਟ ਨੈਟਵਰਕ ਸਮੇਤ ਜਨਤਾ ਦਾ ਕੋਈ ਵੀ ਮੈਂਬਰ ਇਨ੍ਹਾਂ ਰੈਲੀਆਂ ਵਿੱਚ ਸ਼ਾਮਲ ਹੁੰਦਾ ਹੈ ਅਤੇ ਨਾਜ਼ੀ ਸਲੂਟ ਕਰਦਾ ਹੈ ਤਾਂ ਪੁਲਿਸ ਉਨ੍ਹਾਂ ਵਿਅਕਤੀਆਂ ’ਤੇ ਨਵਾਂ ਕਾਨੂੰਨ ਲਾਗੂ ਕਰੇਗੀ… ਉਨ੍ਹਾਂ ਨੂੰ ਜਵਾਬਦੇਹ ਬਣਾਏਗੀ, ਉਨ੍ਹਾਂ ’ਤੇ ਦੋਸ਼ ਆਇਦ ਕਰੇਗੀ ਅਤੇ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰੇਗੀ।’’ ਇਸ ਸਾਲ ਮੈਲਬੌਰਨ ਦੇ ਕੇਂਦਰ ’ਚ ਨਿਓ-ਨਾਜ਼ੀਆਂ ਦੇ ਪ੍ਰਦਰਸ਼ਨ ਦੀਆਂ ਹੋਰ ਉਦਾਹਰਣਾਂ ਵੀ ਹਨ, ਜਿਸ ਨੇ ਵਿਕਟੋਰੀਆ ਦੀ ਸਰਕਾਰ ਨੂੰ ਨਫ਼ਰਤੀ ਪ੍ਰਤੀਕਾਂ ਦੇ ਪ੍ਰਦਰਸ਼ਨ ਨੂੰ ਗੈਰ-ਕਾਨੂੰਨੀ ਬਣਾਉਣ ਵੱਲ ਵਧਣ ਲਈ ਪ੍ਰੇਰਿਆ। ਵਿਕਟੋਰੀਆ ਦੀ ਸਰਕਾਰ ਨੇ ਪਿਛਲੇ ਸਾਲ ਨਾਜ਼ੀ ਹਾਕੇਨਕ੍ਰੇਜ਼ (ਨਾਜ਼ੀ ਚਿੰਨ੍ਹ) ਨੂੰ ਵੀ ਗੈਰਕਾਨੂੰਨੀ ਕਰਾਰ ਦਿੱਤਾ ਸੀ।
ਯਹੂਦੀ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦਿੰਦਿਆਂ ਡਿਪਟੀ ਕਮਿਸ਼ਨਰ ਪੈਟਰਸਨ ਨੇ ਕਿਹਾ, ‘‘ਮੈਂ ਨਿੱਜੀ ਤੌਰ ’ਤੇ ਕਈ ਸੀਨੀਅਰ ਯਹੂਦੀ ਲੋਕਾਂ ਨਾਲ ਮੁਲਾਕਾਤ ਕੀਤੀ ਹੈ ਤਾਂ ਜੋ ਉਨ੍ਹਾਂ ਨੂੰ ਵਿਕਟੋਰੀਆ ਵਿੱਚ ਪੁਲਿਸ ਦੀਆਂ ਗਤੀਵਿਧੀਆਂ ਬਾਰੇ ਭਰੋਸਾ ਦਿੱਤਾ ਜਾ ਸਕੇ।’’