ਸਿਡਨੀ CBD ’ਚ ਸਫ਼ਰ ਕਰਨ ਵਾਲਿਆਂ ਨੂੰ ਕਿਰਾਏ ’ਚ ਰਾਹਤ, ਇਸ ਦਿਨ ਲਈ ਘਟੇਗੀ ਟਿਕਟਾਂ ਦੀ ਕੀਮਤ (Opal Card)

ਮੈਲਬਰਨ: ਮਿਨਸ ਸਰਕਾਰ ਨੇ ਸਿਡਨੀ ਦੇ ਸੀ.ਬੀ.ਡੀ. ਦੀ ਆਮਦਨ ’ਚ ਵਾਧਾ ਕਰਨ ਲਈ ਸ਼ੁੱਕਰਵਾਰ ਨੂੰ ਯਾਤਰਾ ਕਰਨ ਵਾਲੇ NSW ਯਾਤਰੀਆਂ ਲਈ ਸਸਤੇ ਓਪਲ ਕਿਰਾਏ (Opal Card) ਦਾ ਐਲਾਨ ਕੀਤਾ ਹੈ। ਅੱਜ ਤੋਂ, ਸ਼ੁੱਕਰਵਾਰ ਦੇ ਕਿਰਾਏ ’ਚ 30 ਫ਼ੀ ਸਦੀ ਦੀ ਕਟੌਤੀ ਕੀਤੀ ਜਾਵੇਗੀ, ਜੋ ਕਿ ਯਾਤਰੀਆਂ ਨੂੰ ਸ਼ਨਿਚਰਵਾਰ-ਐਤਵਾਰ ਨੂੰ ਮਿਲਣ ਵਾਲੇ ਛੋਟ ਵਾਲੇ ਕਿਰਾਏ ਦੇ ਬਰਾਬਰ ਹੈ। ਇਸ ਦਾ ਮਤਲਬ ਹੈ ਕਿ ਪੈਰਾਮਾਟਾ ਤੋਂ ਸੈਂਟਰਲ ਸਟੇਸ਼ਨ ਤੱਕ ਸ਼ੁੱਕਰਵਾਰ ਦੀ ਰੇਲਗੱਡੀ ਦੀ ਸਵਾਰੀ ਹੁਣ 5.72 ਡਾਲਰ ਦੀ ਬਜਾਏ 4 ਡਾਲਰ ਹੋਵੇਗੀ।

ਸ਼ੁੱਕਰਵਾਰ ਦੀ ਯਾਤਰਾ ਦੀ ਹੱਦ ਵੀ ਅੱਧੀ ਕਰ ਦਿੱਤੀ ਜਾਵੇਗੀ ਭਾਵ ਯਾਤਰੀ ਬਾਲਗ ਕਿਰਾਏ ਲਈ 8.90 ਡਾਲਰ ਅਤੇ ਬੱਚਿਆਂ ਅਤੇ ਰਿਆਇਤ ਧਾਰਕਾਂ ਲਈ 4.45 ਡਾਲਰ ਤੋਂ ਵੱਧ ਦਾ ਭੁਗਤਾਨ ਨਹੀਂ ਕਰਨਗੇ। ਅੱਜ ਵਾਈਨਯਾਰਡ ਰੇਲਵੇ ਸਟੇਸ਼ਨ ’ਤੇ ਬੋਲਦੇ ਹੋਏ, NSW ਟਰਾਂਸਪੋਰਟ ਮੰਤਰੀ ਜੋ ਹੇਲਨ ਨੇ ਕਿਹਾ ਕਿ ਇਹ ਪਹਿਲਕਦਮੀ ਸਿਡਨੀ ਨੂੰ ਇੱਕ ਆਲਮੀ ਸ਼ਹਿਰ ਦੇ ਰੂਪ ’ਚ ਜੀਵਨ ਦੇਣ ਦੇ ਉਪਾਵਾਂ ਦਾ ਹਿੱਸਾ ਸੀ।

ਉਨ੍ਹਾਂ ਕਿਹਾ, ‘‘ਅਸੀਂ ਲੋਕਾਂ ਨੂੰ ਸਾਡੇ ਜਨਤਕ ਟ੍ਰਾਂਸਪੋਰਟ ਨੈੱਟਵਰਕ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸ਼ੁੱਕਰਵਾਰ ਦੀ ਇਸ ਛੋਟ ਦਾ ਮਤਲਬ ਇਹ ਹੋਵੇਗਾ ਕਿ ਵਧੇਰੇ ਲੋਕ ਸ਼ੁੱਕਰਵਾਰ ਨੂੰ ਜਨਤਕ ਆਵਾਜਾਈ ਨੂੰ ਪਹਿਲ ਦੇਣਗੇ।’’ ਜਨਤਕ ਟ੍ਰਾਂਸਪੋਰਟ ਨੈੱਟਵਰਕ ਦੇ ਸਾਰੇ ਓਪਲ ਗਾਹਕਾਂ ਲਈ ਸ਼ੁੱਕਰਵਾਰ ਨੂੰ ਸਸਤੇ ਕਿਰਾਏ ਉਪਲਬਧ ਹੋਣਗੇ।

Leave a Comment