ਮੈਲਬਰਨ : ਨਿਊਜ਼ੀਲੈਂਡ `ਚ ਇੱਕ ਪੰਜਾਬਣ `ਤੇ ਦੋਸ਼ ਲੱਗਾ ਹੈ ਕਿ ਉਸਨੇ ਆਪਣੇ ਪਤੀ ਨੂੰ ਡੀਪੋਰਟ ਕਰਵਾ ਦਿੱਤਾ। ਦੂਜੇ ਪਾਸੇ ਪਤੀ ਨੇ ਪੰਜਾਬ ਜਾ ਕੇ ਆਪਣੀ ਪਤਨੀ ਤੇ ਉਸਦੇ ਬਾਪ `ਤੇ 23 ਲੱਖ ਦੀ ਧੋਖਾਧੜੀ ਕਰਨ ਦਾ ਦੋਸ਼ ਲਾਉਂਦਿਆਂ ਪੁਲੀਸ ਪਰਚਾ ਦਰਜ ਕਰਵਾ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਵਰੀਤ ਸਿੰਘ ਅਤੇ ਆਰਤੀ ਦੋਵੇਂ ਪਹਿਲਾਂ ਨਿਊਜ਼ੀਲੈਂਡ ਰਹਿੰਦੇ ਸਨ ਅਤੇ ਇੱਕ ਵੈੱਬਸਾਈਟ ਰਾਹੀਂ ਦੋਵੇਂ ਇੱਕ-ਦੂਜੇ ਸੰਪਰਕ ਵਿੱਚ ਆ ਗਏ ਅਤੇ ਇੰਡੀਆ ਆ ਕੇ ਵਿਆਹ ਕਰਵਾ ਲਿਆ। ਜਿਸ ਪਿੱਛੋਂ ਦੋਵੇਂ ਫਿਰ ਨਿਊਜ਼ੀਲੈਂਡ ਚਲੇ ਗਏ।
ਨਵਰੀਤ ਸਿੰਘ ਲੁਧਿਆਣਾ ਦੇ ਪੱਖੋਵਾਲ ਰੋਡ `ਤੇ ਪਾਸੀ ਨਗਰ ਦਾ ਵਾਸੀ ਹੈ। ਜਿਸਨੇ ਆਪਣੀ ਪਤਨੀ ਆਰਤੀ ਅਤੇ ਸਹੁਰੇ ਕਰਤਾਰ ਸਿੰਘ ਵਾਸੀ ਕਲੱਬ ਰੋਡ ਸੰਗਰੂਰ `ਤੇ ਲੁਧਿਆਣਾ `ਚ ਪੁਲੀਸ ਪਰਚਾ ਦਰਜ ਕਰਵਾਇਆ ਹੈ। ਨਵਰੀਤ ਅਨੁਸਾਰ ਉਨ੍ਹਾਂ ਦਾ ਵਿਆਹ 25 ਅਪ੍ਰੈਲ 2018 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਦੋਵੇਂ ਜਣੇ ਨਿਊਜ਼ੀਲੈਂਡ ਰਹਿੰਦੇ ਰਹੇ ਹਨ। ਇਸ ਦੌਰਾਨ ਜਦੋਂ ਆਰਤੀ ਦਾ ਵੀਜ਼ਾ ਮੁੱਕਣ ਵਾਲਾ ਸੀ ਉਸਨੇ ਕਿਸੇ ਨਾ ਕਿਸੇ ਤਰ੍ਹਾਂ ਪ੍ਰਬੰਧ ਕਰਕੇ ਆਰਤੀ ਨੂੂੰ ਵਰਕ ਪਰਮਿਟ ਦਿਵਾ ਦਿੱਤਾ। ਆਰਤੀ ਦੀ ਪੜ੍ਹਾਈ ਅਤੇ ਵਰਕ ਪਰਮਿਟ `ਤੇ 23 ਲੱਖ ਦਾ ਖ਼ਰਚ ਆਇਆ। ਨਵਰੀਤ ਨੇ ਦੋਸ਼ ਲਾਇਆ ਹੈ ਕਿ ਜਦੋਂ ਪੀਆਰ ਦੀ ਫਾਈਲ ਇਮੀਗਰੇਸ਼ਨ ਕੋਲ ਜਮ੍ਹਾ ਕਰਾਉਣੀ ਤਾਂ ਆਰਤੀ ਨੇ ਆਪਣੇ ਪਿਤਾ ਲਈ ਉਸਤੋਂ 5 ਲੱਖ ਰੁਪਏ ਦੀ ਮੰਗ ਕੀਤੀ। ਜਿਸਨੂੰ ਨਵਰੀਤ ਦਾ ਪਿਤਾ ਆਰਤੀ ਦੇ ਪਿਤਾ ਨੂੰ ਦੇ ਕੇ ਆਇਆ ਸੀ।
ਨਵਰੀਤ ਸਿੰਘ ਨੇ ਇਹ ਦੋਸ਼ ਵੀ ਲਾਇਆ ਹੈ ਕਿ ਜਦੋਂ ਪੀਆਰ ਦੀ ਫਾਈਲ ਆਖਰੀ ਸਟੇਜ `ਤੇ ਸੀ ਤਾਂ ਆਰਤੀ ਨੇ ਉਸ ਕੋਲੋਂ 8 ਲੱਖ ਰੁਪਏ ਹੋਰ ਮੰਗੇ। ਜਿਸਨੂੰ ਦੇਣ ਤੋਂ ਨਾਂਹ ਕਰ ਦਿੱਤੀ। ਜਿਸ ਪਿੱਛੋਂ ਆਰਤੀ ਨੇ ਇਮੀਗਰੇਸ਼ਨ ਨੂੰ ਦੱਸ ਦਿੱਤਾ ਕਿ ਉਹ ਇਕੱਲੀ ਰਹਿੰਦੀ ਹੈ। ਇਸ ਤੋਂ ਇਲਾਵਾ ਉਸਨੇ ਤਲਾਕ ਵਾਸਤੇ ਕਾਨੂੰਨੀ ਨੋਟਿਸ ਵੀ ਭਿਜਵਾ ਦਿੱਤਾ। ਜਿਸ ਕਰਕੇ ਇਮੀਗਰੇਸ਼ਨ ਨੇ ਉਸਨੂੰ (ਨਵਰੀਤ ਨੂੰ) ਡੀਪੋਰਟ ਕਰਕੇ ਵਾਪਸ ਇੰਡੀਆ ਇੰਡੀਆ ਭੇਜ ਦਿੱਤਾ।
ਇਸ ਸਬੰਧੀ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਅਨੁਸਾਰ ਆਰਤੀ ਅਤੇ ਉਸਦੇ ਪਿਤਾ ਦੇ ਖਿਲਾਫ਼ ਇੰਡੀਅਨ ਪੀਨਲ ਕੋਡ ਦੀ ਧਾਰਾ 420 ਅਤੇ 120ਬੀ ਦੇ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।