ਮੈਲਬਰਨ: ਨਿਊਜ਼ੀਲੈਂਡ ’ਚ ਆਮ ਚੋਣਾਂ ਦੀ ਮਿਤੀ ਨੇੜੇ ਹੈ ਅਤੇ ਲੋਕਾਂ ਨੂੰ ਆਪਣੀ ਵੋਟ ਦਾ ਸਹੀ ਪ੍ਰਯੋਗ ਕਰਨ ਲਈ ਉਤਸ਼ਾਹਿਤ ਕਰਨ ਵਾਲੇ ਕਈ ਅਜਿਹੇ ਸਿਆਸੀ ਸਮੂਹ ਸਰਗਰਮ ਹਨ, ਜੋ ਇਸ਼ਤਿਹਾਰਬਾਜ਼ੀ ’ਤੇ ਲੱਖਾਂ ਡਾਲਰ ਖ਼ਰਚ ਕਰ ਰਹੇ ਹਨ। ਇਨ੍ਹਾਂ ’ਚੋਂ ਬਹੁਤੇ ਨਵੇਂ ਸਿਆਸੀ ਕਾਰਕੁਨ ਹਨ ਜੋ ਖ਼ੁਦ ਸਾਹਮਣੇ ਨਹੀਂ ਆ ਰਹੇ ਪਰ ਆਪਣੇ ਵਿਚਾਰਾਂ ਨੂੰ AI ਵਰਗੇ ਨਵੇਂ ਤਰੀਕਿਆਂ ਜ਼ਰੀਏ ਪੇਸ਼ ਕਰ ਰਹੇ ਹਨ।
ਜੇਕਰ ਤੁਸੀਂ ਯੂਟਿਊਬ, ਫੇਸਬੁੱਕ ਜਾਂ ਇੰਸਟਾਗ੍ਰਾਮ ’ਤੇ ਚੋਣ ਮੁੱਦਿਆਂ ਬਾਰੇ ਗੱਲ ਕਰਦੇ ਹੋਏ ਰੋਬੋਟ ਵਰਗੀ ਆਵਾਜ਼ ਸੁਣੀ ਹੈ, ਤਾਂ ਹੋ ਸਕਦਾ ਹੈ ਕਿ ਇਹ ‘ਵੋਟ ਫਾਰ ਬੈਟਰ’ ਨਾਮਕ ਸਮੂਹ ਤੋਂ ਆਈ ਹੋਵੇ। ਇਹ ਇੱਕ ਅਜਿਹਾ ਗਰੁੱਪ ਹੈ, ਜੋ ਕਿ ਸਿਆਸਤ ’ਚ ਨਵਾਂ ਹੈ ਅਤੇ ਜਿਸ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਸਿਰਫ਼ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਚੋਣ ਮੁਹਿੰਮ ਬਾਰੇ ਇਸ਼ਤਿਹਾਰਾਂ ‘ਤੇ 80,800 ਤੋਂ 118,800 ਡਾਲਰ ਵਿਚਕਾਰ ਖਰਚ ਕੀਤਾ ਹੈ। ‘ਵੋਟ ਫ਼ਾਰ ਬੈਟਰ’ ਨੇ ਕਿਸੇ ਪਾਰਟੀ ਵਿਸ਼ੇਸ਼ ਲਈ ਪ੍ਰਚਾਰ ਨਹੀਂ ਕੀਤਾ ਹੈ ਪਰ ਇਸ ਦਾ ਇਸ਼ਤਿਹਾਰ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਦੀ ਆਲੋਚਨਾ ਕਰਨ ’ਤੇ ਕੇਂਦਰਿਤ ਹੈ। ਇਸ ਦੇ ਕੁਝ ਵੀਡੀਓ ਇਸ਼ਤਿਹਾਰਾਂ ਨੂੰ ਅਮਰੀਕੀ-ਲਹਿਜ਼ੇ ਵਾਲੀ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਵੌਇਸਓਵਰ ਨਾਲ ਬਿਆਨ ਕੀਤਾ ਗਿਆ ਹੈ। ਇੱਕ ਆਮ ਇਸ਼ਤਿਹਾਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ 2017 ਅਤੇ 2023 ਦੇ ਵਿਚਕਾਰ ਪ੍ਰਤੀ ਨਿਊਜ਼ੀਲੈਂਡ ਦੇ ਟੈਕਸ ਦਾ ਭੁਗਤਾਨ 40 ਫ਼ੀ ਸਦੀ ਵਧਿਆ ਹੈ ਜਦੋਂ ਕਿ ਇਸੇ ਮਿਆਦ ਵਿੱਚ ਉਜਰਤਾਂ ’ਚ 28 ਫ਼ੀ ਸਦੀ ਵਾਧਾ ਹੋਇਆ ਹੈ। ਇਹ ਅੰਕੜੇ ਗੈਰ-ਨਿਊਜ਼ੀਲੈਂਡ ਦੇ ਲੋਕਾਂ ਸਮੇਤ ਸਾਰੇ ਲੋਕਾਂ ਦੁਆਰਾ ਅਦਾ ਕੀਤੇ ਟੈਕਸ ‘ਤੇ ਆਧਾਰਿਤ ਹਨ। ਮੁਹਿੰਮ ਦੀ ਅਗਵਾਈ ਕਰਨ ਵਾਲੇ ਟਿਮ ਬੈਰੀ ਦਾ ਕਹਿਣਾ ਹੈ ਕਿ ਅੰਕੜੇ ਖ਼ੁਦ ਬੋਲਦੇ ਹਨ।
ਬੈਰੀ ਦੇ ਗਰੁੱਪ ਵਰਗੀਆਂ 31 ਸੰਸਥਾਵਾਂ ਹਨ ਜੋ ਚੋਣ ਪ੍ਰਚਾਰ ਦਰਮਿਆਨ ਆਪਣਾ ਸੰਦੇਸ਼ ਫੈਲਾਉੁਣ ਲਈ ਚੋਣ ਕਮਿਸ਼ਨ ਕੋਲ ਰਜਿਸਟਰਡ ਹਨ। ਅਜਿਹੀਆਂ ਸੰਸਥਾਵਾਂ ਵੱਧ ਤੋਂ ਵੱਧ 391,000 ਡਾਲਰ ਖ਼ਰਚ ਕਰ ਸਕਦੀਆਂ ਹਨ। ਅਜਿਹੇ ਇੱਕ ਹੋਰ ਪ੍ਰੋਮੋਟਰ ਜਿਮ ਗਰੇਨਨ ਆਪਣੀ ਵੈੱਬਸਾਈਟ ਰਾਹੀਂ ਸਰਕਾਰ ਦੀ ਆਲੋਚਨਾ ਕਰ ਰਹੇ ਹਨ। ਐੱਸ.ਬੀ. ਗਰੁੱਪ ਵੀ ਇੱਕ ਹੋਰ ਪ੍ਰੋਮੋਟਰ ਹਨ ਜੋ ਅਖ਼ਬਾਰਾਂ ’ਚ ਪੂਰੇ ਪੰਨੇ ਦੇ ਇਸ਼ਤਿਹਾਰ ਦੇ ਰਹੇ ਹਨ ਅਤੇ ਨਿਊਜ਼ੀਲੈਂਡ ਦੇ ਪਹਿਲੇ ਨੌਰਥਲੈਂਡ ਉਮੀਦਵਾਰ ਸ਼ੇਨ ਜੌਨ ਨੂੰ ਵੋਟ ਦੇਣ ਲਈ ਅਪੀਲ ਕਰ ਰਹੇ ਹਨ।