ਜਸਪਾਲ ਸਿੰਘ ਨੇ ਗਵਾਹ ਬਣ ਕੇ ਅਦਾਲਤ `ਚ ਕੀਤੇ ਖੁਲਾਸੇ – ਨਿਊਜ਼ੀਲੈਂਡ `ਚ ਹਰਨੇਕ ਸਿੰਘ (Harnek Singh Neki) `ਤੇ ਹਮਲੇ ਦਾ ਕੇਸ

ਮੈਲਬਰਨ : ਪੰਜਾਬੀ ਕਲਾਊਡ ਟੀਮ-

ਨਿਊਜ਼ੀਲੈਂਡ `ਚ ਵਿਵਾਦਤ ਰੇਡੀਉ ਹੋਸਟ ਹਰਨੇਕ ਸਿੰਘ (Harnek Singh Neki) `ਤੇ ਸਾਲ 2020 `ਚ ਹੋਏ ਕਾਤਲਾਨਾ ਹਮਲੇ `ਚ ਨਾਮਜ਼ਦ ਵਿਅਕਤੀਆਂ ਚੋਂ ਇੱਕ ਮੁਲਜ਼ਮ ਅਦਾਲਤ `ਚ ਗਵਾਹੀਆਂ ਦੇ ਕੇ ਕਈ ਖੁਲਾਸੇ ਕਰ ਰਿਹਾ ਹੈ। ਉਹ ਹਮਲੇ `ਚ ਸਿੱਧਾ ਸ਼ਾਮਲ ਹੋਣ ਬਾਰੇ ਆਪਣਾ ਗੁਨਾਹ ਕਬੂਲ ਕਰ ਚੁੱਕਾ ਹੈ ਤੇ ਹੁਣ ਪਿਛਲੇ ਕੁੱਝ ਦਿਨਾਂ ਤੋਂ ਸਰਕਾਰੀ ਧਿਰ ਦੇ ਹੱਕ `ਚ ਗਵਾਹ ਬਣ ਕੇ ਅਦਾਲਤ `ਚ ਬਿਆਨ ਦਰਜ ਕਰਵਾ ਰਿਹਾ ਹੈ ਕਿ ਇਸ ਪਿੱਛੇ ਕੌਣ ਜਿ਼ੰਮੇਵਾਰ ਸੀ।

ਨਿਊਜ਼ੀਲੈਂਡ ਹੈਰਲਡ ਦੀ ਇੱਕ ਰਿਪੋਰਟ ਅਨੁਸਾਰ 42 ਸਾਲਾ ਜਸਪਾਲ ਸਿੰਘ (Jaspal Singh), ਜੋ ਕਿ ਪਹਿਲਾਂ ਟਰੱਕਿੰਗ ਦਾ ਬਿਜ਼ਨਸ ਕਰਦਾ ਸੀ, ਪਿਛਲੇ ਵੀਰਵਾਰ ਤੋਂ ਆਕਲੈਂਡ ਦੀ ਹਾਈਕੋਰਟ ਵਿੱਚ ਗਵਾਹ ਬਣ ਕੇ ਦੱਸ ਰਿਹਾ ਹੈ ਕਿ 23 ਦਸੰਬਰ 2020 ਦੀ ਰਾਤ ਨੂੰ ਹਰਨੇਕ ਸਿੰਘ `ਤੇ ਹਮਲਾ ਪਿੱਛੇ ਕੌਣ-ਕੌਣ ਸੀ।

ਉਸਨੇ ਦੱਸਿਆ ਕਿ ਇਸ ਪਿੱਛੇ ਇੱਕ ਵਿਅਕਤੀ (ਜਿਸਦਾ ਨਾਂ ਅਜੇ ਜੱਗ-ਜ਼ਾਹਰ ਨਹੀਂ ਕੀਤਾ ਗਿਆ) ਦਾ ਹੱਥ ਸੀ, ਜਿਸਨੇ ਉਸਨੂੰ ਅਤੇ ਕੱਝ ਹੋਰ ਵਿਅਕਤੀਆਂ ਨੂੰ ਇਸ ਹਮਲੇ ਵਾਸਤੇ ਤਿਆਰ ਕੀਤਾ ਸੀ। ਪਰ ਉਸ ਵਿਅਕਤੀ (ਜਿਸਦਾ ਨਾਂ ਅਜੇ ਜੱਗ-ਜ਼ਾਹਰ ਨਹੀਂ ਕੀਤਾ ਗਿਆ) ਦੇ ਵਕੀਲ ਡੇਲ ਡੱਫਟੀ ਨੇ ਇਸਦਾ ਵਿਰੋਧ ਕਰਦਿਆਂ ਆਖਿਆ ਕਿ ਜਸਪਾਲ ਸਿੰਘ ਜੇਲ੍ਹ ਚੋਂ ਛੇਤੀ ਤੋਂ ਛੇਤੀ ਛੁੱਟਣ ਲਈ ਝੂਠ ਬੋਲ ਰਿਹਾ ਹੈ।

ਪ੍ਰੌਸੀਕਿਊਟਰਾਂ ਨੇ ਦੋਸ਼ ਲਾਇਆ ਹੈ ਕਿ ਇਸ ਕਾਤਲਾਨਾ ਹਮਲੇ ਦੀ ਯੋਜਨਾ `ਚ ਸਿੱਧੇ ਅਤੇ ਅਸਿੱਧੇ ਰੂਪ `ਚ ਸੱਤ ਵਿਅਕਤੀ ਸ਼ਾਮਲ ਸਨ ਜਦੋਂ ਕਿ ਅੱਠਵੇਂ ਨੂੰ ਬਾਅਦ `ਚ ਸ਼ਾਮਲ ਕੀਤਾ ਗਿਆ ਹੈ।

ਰਿਪੋਰਟ ਅਨੁਸਾਰ ਆਕਲੈਂਡ ਦੇ ਮੈਨੁਰੇਵਾ ਨੇੜੇ ਵੈਟਲ ਡਾਊਨਜ ਏਰੀਏ `ਚ ਹਰਨੇਕ ਸਿੰਘ `ਤੇ ਹੋਏ ਹਮਲੇ `ਚ ਗਵਾਹ ਬਣ ਚੱੁਕੇ ਜਸਪਾਲ ਸਿੰਘ (42) ਤੋਂ ਇਲਾਵਾ ਹਰਦੀਪ ਸਿੰਘ ਸੰਧੂ (30) ਅਤੇ ਸਰਵਜੀਤ ਸਿੰਘ (27) ਨੇ ਗੁਨਾਹ ਕਬੂਲ ਕਰ ਲਿਆ ਹੈ। ਜਦੋਂ ਕਿ ਬਾਕੀਆਂ ਚੋਂ ਜਿਨ੍ਹਾਂ ਨੇ ਗੁਨਾਹ ਨਹੀਂ ਮੰਨਿਆ, ਉਨ੍ਹਾਂ `ਚ ਜੋਬਨਪ੍ਰੀਤ ਸਿੰਘ (ਜੋ ਕਿ ਜਸਪਾਲ ਸਿੰਘ ਦੇ ਨਾਲ ਸਿੱਧੇ ਹਮਲੇ `ਚ ਸ਼ਾਮਲ ਹੈ। ਇਸ ਤੋਂ ਇਲਾਵਾ ਗੁਰਬਿੰਦਰ ਸਿੰਘ ਤੇ ਜੁਗਰਾਜ ਸਿੰਘ ( ਜਿਨ੍ਹਾਂ ਨੇ ਟਯੋਟਾ ਪ੍ਰੀਯੂਸ਼ ਗੱਡੀ ਰਾਹੀਂ ਹਰਨੇਕ ਸਿੰਘ ਦਾ ਵੈਟਲ ਡਾਊਨਜ ਤੱਕ ਪਿੱਛਾ ਕੀਤਾ ਸੀ)

ਜਸਪਾਲ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲੇ ਦਿਨ ਜਦੋਂ ਉਹ ਉਸ ਵਿਅਕਤੀ ਨੂੰ (ਜਿਸਦਾ ਨਾਮ ਅਜੇ ਜਗ-ਜ਼ਾਹਰ ਨਹੀਂ ਹੋਇਆ) ਮਿਿਲਆ ਸੀ ਤਾਂ ਇਸ ਤਰ੍ਹਾਂ ਗੱਲ ਹੋਈ ਸੀ ਕਿ ਉਹ ਚੋਰੀ ਕੀਤੇ ਮੋਟਰ ਸਾਈਕਲ ਨੂੰ ਚਲਾਏਗਾ ਅਤੇ ਹਮਲਾ ਕਰਨ ਵਾਲੇ ਦੋ ਜਣੇ ਉਸਦੇ ਨਾਲ ਜਾਣਗੇ। ਪਰ ਹਮਲੇ ਵਾਲੇ ਦਿਨ ਯੋਜਨਾ ਬਦਲ ਗਈ ਕਿ ਉਹ ਸਿੱਧਾ ਹਮਲਾ ਕਰਨ ਵਾਲਿਆਂ `ਚ ਸ਼ਾਮਲ ਹੋਵੇਗਾ।

ਪਰ ਬਚਾਅ ਪੱਖ ਦੇ ਵਕੀਲ ਡੱਫਟੀ ਦਾ ਕਹਿਣਾ ਸੀ ਕਿ ਜਸਪਾਲ ਸਿੰਘ ਨੇ ਕਿਸੇ ਦੇ ਕਹਿਣ `ਤੇ ਨਹੀਂ ਬਲਕਿ ਆਪਣੇ ਆਪ ਹੀ ਹਮਲਾ ਕੀਤਾ ਸੀ।

Leave a Comment