ਮੈਲਬਰਨ : ਵਿਕਟੋਰੀਆ ਪੁਲਿਸ ਦੇ ਚੀਫ਼ ਕਮਿਸ਼ਨਰ Shane Patton ਕੋਲ ਪੁਲਿਸ ਯੂਨੀਅਨ ਦੇ ਭਰੋਸੇ ਦੀ ਵੋਟ ਨਹੀਂ ਰਹੀ ਹੈ। ਯੂਨੀਅਨ ਮੈਂਬਰਾਂ ਨੇ 87٪ ਦੇ ਵੋਟ ਨਾਲ Patton ਨੂੰ ਅਹੁਦੇ ਤੋਂ ਫ਼ਾਰਗ ਕਰਨ ਬਾਰੇ ਫੈਸਲਾ ਦਿੱਤਾ ਹੈ। ਪਰ Patton ਨੇ ਇਹ ਕਹਿੰਦੇ ਹੋਏ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਹ ਆਪਣੀ ਭੂਮਿਕਾ ਪ੍ਰਤੀ ਵਚਨਬੱਧ ਹਨ ਅਤੇ ਸੰਗਠਨ ਦੀ ਅਗਵਾਈ ਕਰਦੇ ਰਹਿਣਗੇ।
ਦਰਅਸਲ ਚੀਫ਼ ਕਮਿਸ਼ਨਰ ਨੂੰ ਵਿਸ਼ਵਾਸ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Patton ਦੇ ਤਨਖਾਹ ਵਿਵਾਦ ਨਾਲ ਨਜਿੱਠਣ ਦੇ ਤਰੀਕੇ, ਸਟੇਟ ’ਚ ਅਪਰਾਧ ਦੀ ਵਧਦੀ ਦਰ, ਪੁਲਿਸ ਦੀਆਂ ਅਸਾਮੀਆਂ ਅਤੇ ਲੰਬੀ ਮਿਆਦ ਦੀ ਛੁੱਟੀ ’ਤੇ ਗਏ ਅਧਿਕਾਰੀਆਂ ਦੀ ਵੱਡੀ ਗਿਣਤੀ ਨੂੰ ਲੈ ਕੇ ਚਿੰਤਾਵਾਂ ਕਾਰਨ ਵੋਟਿੰਗ ਕਰਨੀ ਪਈ ਸੀ।
Patton ਨੇ ਯੂਨੀਅਨ ਦੇ ਮੈਂਬਰਾਂ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਨੂੰ ਸਵੀਕਾਰ ਕੀਤਾ ਅਤੇ ਵਿਕਟੋਰੀਆ ਪੁਲਿਸ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਬਾਰੇ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ। ਉਨ੍ਹਾਂ ਦਾ ਕਾਰਜਕਾਲ ਸਾਲ ਦੇ ਅੱਧ ’ਚ, ਜੂਨ ਮਹੀਨੇ ਦੌਰਾਨ, ਖਤਮ ਹੋਣ ਵਾਲਾ ਹੈ ਅਤੇ ਉਨ੍ਹਾਂ ਨੇ ਇਕ ਹੋਰ ਕਾਰਜਕਾਲ ਦੀ ਸੇਵਾ ਕਰਨ ’ਚ ਦਿਲਚਸਪੀ ਜ਼ਾਹਰ ਕੀਤੀ ਹੈ। ਪਰ ਅੱਜ ਦੀ ਵੋਟ ਤੋਂ ਬਾਅਦ ਉਨ੍ਹਾਂ ਨੂੰ ਅਗਲਾ ਕਾਰਜਕਲ ਮਿਲਣਾ ਮੁਸ਼ਕਲ ਹੈ।