ਆਸਟ੍ਰੇਲੀਆ ਬਣਿਆ ਦੁਨੀਆ ਦਾ ਪਹਿਲਾ ਦੇਸ਼, 16 ਸਾਲ ਤੋਂ ਘੱਟ ਉਮਰ ਵਾਲਿਆਂ ’ਤੇ ਸੋਸ਼ਲ ਮੀਡੀਆ ਵਰਤਣ ਖਿਲਾਫ ਕਾਨੂੰਨ ਪਾਰਲੀਮੈਂਟ ’ਚ ਪਾਸ

ਮੈਲਬਰਨ : ਆਸਟ੍ਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ’ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਅੱਜ ਹੀ ਦੇਸ਼ ਦੀ ਪਾਰਲੀਮੈਂਟ ਨੇ ਇਸ ਬਾਰੇ ਦੁਨੀਆ ਦੇ ਸਭ ਤੋਂ ਸਖਤ ਕਾਨੂੰਨ ਨੂੰ ਮਨਜ਼ੂਰੀ ਦੇ ਦਿਤੀ ਹੈ। ਵੀਰਵਾਰ ਦੇਰ ਰਾਤ ਸੈਨੇਟ ’ਚ 19 ਦੇ ਮੁਕਾਬਲੇ 34 ਵੋਟਾਂ ਨਾਲ ਪਾਸ ਹੋਣ ਤੋਂ ਬਾਅਦ ਇਹ ਬਿੱਲ ‘ਹਾਊਸ ਆਫ਼ ਰੀਪ੍ਰੀਜ਼ੈਂਟੇਟਿਵ’ ’ਚ ਵਾਪਸ ਆ ਗਿਆ, ਜਿੱਥੇ ਸ਼ੁੱਕਰਵਾਰ ਸਵੇਰੇ ਇਸ ਨੂੰ ਪਾਸ ਕਰ ਦਿੱਤਾ ਗਿਆ।

ਇਸ ਪਾਬੰਦੀ ਨਾਲ, ਜੋ ਘੱਟੋ-ਘੱਟ 12 ਮਹੀਨਿਆਂ ਲਈ ਲਾਗੂ ਨਹੀਂ ਹੋਵੇਗੀ, ਤਕਨੀਕੀ ਕੰਪਨੀਆਂ ਨੂੰ 50 ਮਿਲੀਅਨ ਆਸਟ੍ਰੇਲੀਆਈ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਜੇ ਉਹ ਇਸ ਦੀ ਪਾਲਣਾ ਨਹੀਂ ਕਰਦੀਆਂ। ਪ੍ਰਧਾਨ ਮੰਤਰੀ Anthony Albanese ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦੇ ‘ਨੁਕਸਾਨਾਂ’ ਤੋਂ ਬਚਾਉਣ ਲਈ ਕਾਨੂੰਨ ਦੀ ਜ਼ਰੂਰਤ ਹੈ। ਪਰ ਆਲੋਚਕਾਂ ਦਾ ਕਹਿਣਾ ਹੈ ਕਿ ਪਾਬੰਦੀ ਕਿਵੇਂ ਕੰਮ ਕਰੇਗੀ ਅਤੇ ਨਿੱਜਤਾ ਅਤੇ ਸਮਾਜਿਕ ਸੰਪਰਕ ’ਤੇ ਇਸ ਦੇ ਅਸਰ ਬਾਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਗਿਆ ਹੈ।