ਕੁਆਡ ਸਮੂਹ ਨੇ ਸਮੁੰਦਰੀ ਸੁਰੱਖਿਆ ਸਹਿਯੋਗ ਦਾ ਵਿਸਥਾਰ ਕੀਤਾ, ‘ਕਵਾਡ ਕੈਂਸਰ ਮੂਨਸ਼ਾਟ’ ਦਾ ਵੀ ਐਲਾਨ

ਵਾਸ਼ਿੰਗਟਨ : ਆਸਟ੍ਰੇਲੀਆ, ਭਾਰਤ, ਅਮਰੀਕਾ ਅਤੇ ਜਪਾਨ ਨੇ ਪਹਿਲੀ ਵਾਰ ਸਾਂਝੇ ਕੋਸਟ ਗਾਰਡ ਮਿਸ਼ਨ ਦਾ ਐਲਾਨ ਕੀਤਾ ਹੈ। ਦੱਖਣੀ ਚੀਨ ਅਤੇ ਸਮੁੰਦਰ ਅਤੇ ਨੇੜੇ ਪਾਣੀਆਂ ’ਚ ਚੀਨ ਦੀ ਵਧਦੀ ਹਮਲਾਵਾਰਤਾ ਨੂੰ ਠੱਲ੍ਹ ਪਾਉਣ ਦੇ ਮੰਤਵ ਵਾਲੇ ਮਿਸ਼ਨ ਦੇ ਹਿੱਸੇ ਵਜੋਂ ਹਿੰਦ-ਪ੍ਰਸ਼ਾਂਤ ਖ਼ਿੱਤੇ ਵਿਚਲੇ ਛੋਟੇ ਮੁਲਕਾਂ ਨੂੰ ਸਮੁੰਦਰੀ ਸੁਰੱਖਿਆ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਮੰਤਵ ’ਚ ਤਕਨਾਲੋਜੀ ਦੀ ਵਰਤੀ ਵੀ ਕੀਤੀ ਜਾਵੇਗੀ ਅਤੇ ਸਮੁੰਦਰ ਉਤੇ ਨਜ਼ਰ ਬਣਾਈ ਰੱਖਣ ਲਈ ਤੁਰੰਤ ਡੇਟਾ ਮੁਹੱਈਆ ਕਰਵਾਇਆ ਜਾਵੇਗਾ।

ਇਹ ਐਲਾਨ ਅਮਰੀਕੀ ਸੂਬੇ ਡੈਲਾਵੇਅਰ ਦੇ ਵਿਲਮਿੰਗਟਨ ਵਿਚ ਐਤਵਾਰ ਸਵੇਰੇ ਖ਼ਤਮ ਹੋਏ ਚਾਰੇ ਮੁਲਕਾਂ ਦੇ ਸਿਖਰ ਸੰਮੇਲਨ ਵਿਚ ਕੀਤੇ ਜਾਰੀ ਕੀਤੇ ਗਏ ਵਿਲਮਿੰਗਟਨ ਐਲਾਨਨਾਮੇ ਵਿਚ ਕੀਤਾ ਗਿਆ ਹੈ। ਐਲਾਨਨਾਮੇ ਵਿਚ ਰੂਸ-ਯੂਕਰੇਨ ਜੰਗ ਦੇ ਖ਼ਾਤਮੇ ਉਤੇ ਵੀ ਜ਼ੋਰ ਦਿੱਤਾ ਗਿਆ ਹੈ ਅਤੇ ਨਾਲ ਹੀ ਇਜ਼ਰਾਈਲ-ਗਾਜ਼ਾ ਟਕਰਾਅ ਦੇ ਖ਼ਾਤਮੇ ਲਈ ਮਾਮਲੇ ਦੇ ਦੋ-ਮੁਲਕੀ ਹੱਲ ਦੀ ਲੋੜ ਵੀ ਉਭਾਰੀ ਗਈ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਮੇਜ਼ਬਾਨੀ ਵਿਚ ਹੋਏ ਸਿਖਰ ਸੰਮੇਲਨ ਵਿਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ ਨੇ ਵੀ ਸ਼ਿਰਕਤ ਕੀਤੀ। ਸਿਖਰ ਸੰਮੇਲਨ ਦਾ ਧਿਆਨ ਮੁੱਖ ਤੌਰ ’ਤੇ ਚੀਨ ਉਤੇ ਹੀ ਕੇਂਦਰਿਤ ਰਿਹਾ। ਵਿਲਮਿੰਗਟਨ ਐਲਾਨਨਾਮੇ ਵਿਚ ਕਿਹਾ ਗਿਆ ਹੈ, ‘‘ਸਾਂਝੀਆਂ ਕਦਰਾਂ-ਕੀਮਤਾਂ ਦੇ ਆਧਾਰ ਉਤੇ ਅਸੀਂ ਅਜਿਹਾ ਕੌਮਾਂਤਰੀ ਢਾਂਚਾ ਚਾਹੁੰਦੇ ਹਾਂ ਜਿਹੜਾ ਕਾਨੂੰਨ ਦੇ ਸ਼ਾਸਨ ਉਤੇ ਆਧਾਰਤ ਹੋਵੇ।’’

‘ਕਵਾਡ ਕੈਂਸਰ ਮੂਨਸ਼ਾਟ’ ਦਾ ਐਲਾਨ

‘ਕਵਾਡ’ ਆਗੂਆਂ ਵਲੋਂ ਕੀਤੇ ਐਲਾਨ ’ਚ ਪ੍ਰਮੁੱਖ ‘ਕਵਾਡ ਕੈਂਸਰ ਮੂਨਸ਼ਾਟ’ ਦਾ ਐਲਾਨ ਹੈ, ਜੋ ਹਿੰਦ-ਪ੍ਰਸ਼ਾਂਤ ਖੇਤਰ ’ਚ ਜਾਨਾਂ ਬਚਾਉਣ ਲਈ ਇਕ ਬੇਮਿਸਾਲ ਭਾਈਵਾਲੀ ਹੈ। ਬਿਆਨ ’ਚ ਕਿਹਾ ਗਿਆ ਹੈ, ‘‘ਕੋਵਿਡ-19 ਮਹਾਮਾਰੀ ਦੌਰਾਨ ਖੇਤਰ ’ਚ ਕੈਂਸਰ ਨਾਲ ਨਜਿੱਠਣ ਲਈ ਸਾਡੇ ਸਮੂਹਿਕ ਨਿਵੇਸ਼, ਸਾਡੀ ਵਿਗਿਆਨਕ ਅਤੇ ਡਾਕਟਰੀ ਸਮਰੱਥਾ ਅਤੇ ਸਾਡੇ ਨਿੱਜੀ ਅਤੇ ਗੈਰ-ਮੁਨਾਫਾ ਖੇਤਰਾਂ ਦੇ ਯੋਗਦਾਨ, ਕੋਵਿਡ-19 ਮਹਾਮਾਰੀ ਦੌਰਾਨ ਕਵਾਡ ਦੀ ਸਫਲ ਭਾਈਵਾਲੀ ਦੇ ਆਧਾਰ ’ਤੇ ਅਸੀਂ ਖੇਤਰ ’ਚ ਕੈਂਸਰ ਦੇ ਬੋਝ ਨੂੰ ਘੱਟ ਕਰਨ ਲਈ ਭਾਈਵਾਲ ਦੇਸ਼ਾਂ ਨਾਲ ਸਹਿਯੋਗ ਕਰਾਂਗੇ।’’

ਸ਼ੁਰੂਆਤ ’ਚ ‘ਕਵਾਡ ਕੈਂਸਰ ਮੂਨਸ਼ਾਟ’ ਦਾ ਧਿਆਨ ਹਿੰਦ-ਪ੍ਰਸ਼ਾਂਤ ਖੇਤਰ ’ਚ ਸਰਵਾਈਕਲ ਕੈਂਸਰ ਨਾਲ ਨਜਿੱਠਣ ’ਤੇ ਹੋਵੇਗਾ। ਨਾਲ ਹੀ ਹੋਰ ਕਿਸਮਾਂ ਦੇ ਕੈਂਸਰ ਨਾਲ ਨਜਿੱਠਣ ਲਈ ਆਧਾਰ ਤਿਆਰ ਕੀਤਾ ਜਾਵੇਗਾ। ਭਾਰਤ ਨੇ ਹਿੰਦ-ਪ੍ਰਸ਼ਾਂਤ ਖੇਤਰ ਨੂੰ 7.5 ਮਿਲੀਅਨ ਅਮਰੀਕੀ ਡਾਲਰ ਦੀ ਸਰਵਾਈਕਲ ਕੈਂਸਰ ਵੈਕਸੀਨ ‘ਹਿਊਮਨ ਪੈਪੀਲੋਮਾਵਾਇਰਸ (ਐਚ.ਪੀ.ਵੀ.) ਕਿੱਟਾਂ ਅਤੇ ਟੈਸਟ ਕਿੱਟਾਂ ਪ੍ਰਦਾਨ ਕਰਨ ਲਈ ਵਚਨਬੱਧਤਾ ਪ੍ਰਗਟਾਈ ਹੈ।

ਗ੍ਰਾਂਟ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਗ੍ਰਾਂਟ ਭਾਰਤ ਦੇ ‘ਵਨ ਅਰਥ ਵਨ ਹੈਲਥ’ ਵਿਜ਼ਨ ਤਹਿਤ ਦਿਤੀ ਗਈ ਹੈ। ਭਾਰਤ ਵਿਸ਼ਵ ਸਿਹਤ ਸੰਗਠਨ ਦੀ ਡਿਜੀਟਲ ਸਿਹਤ ’ਤੇ ਗਲੋਬਲ ਇਨੀਸ਼ੀਏਟਿਵ ਪ੍ਰਤੀ ਅਪਣੀ 10 ਮਿਲੀਅਨ ਡਾਲਰ ਦੀ ਵਚਨਬੱਧਤਾ ਰਾਹੀਂ ਹਿੰਦ-ਪ੍ਰਸ਼ਾਂਤ ਖੇਤਰ ਦੇ ਦਿਲਚਸਪੀ ਰੱਖਣ ਵਾਲੇ ਦੇਸ਼ਾਂ ਨੂੰ ਅਪਣੇ ਖੁਦ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਅਪਣਾਉਣ ਅਤੇ ਲਾਗੂ ਕਰਨ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ ਜੋ ਕੈਂਸਰ ਦੀ ਜਾਂਚ ਅਤੇ ਦੇਖਭਾਲ ਦਾ ਸਮਰਥਨ ਕਰਦਾ ਹੈ।