ਮੈਲਬਰਨ : ਪੱਛਮੀ ਏਸ਼ੀਆ ’ਚ ਚਲ ਰਹੀ ਜੰਗ ਤੋਂ ਨਾਰਾਜ਼ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਅੱਜ ਮੈਲਬਰਨ ’ਚ ਪ੍ਰਦਰਸ਼ਨ ਕੀਤਾ। ਮੈਲਬਰਨ ’ਚ ਚਲ ਰਹੇ ਹਥਿਆਰਾਂ ਦੇ ਇੱਕ ਐਕਸਪੋ ਬਾਹਰ ਇਕੱਠੇ ਹੋਏ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋਈ, ਗ੍ਰਿਫਤਾਰੀਆਂ ਹੋਈਆਂ ਅਤੇ ਅਧਿਕਾਰੀਆਂ ’ਤੇ ਤੇਜ਼ਾਬ ਛਿੜਕਣ ਦੀਆਂ ਰਿਪੋਰਟਾਂ ਆਈਆਂ।
Land Forces Defence Expo ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ’ਤੇ ਤੇਜ਼ਾਬ, ਘੋੜੇ ਦੀ ਲਿੱਦ ਅਤੇ ਪੱਥਰ ਸੁੱਟੇ, ਜਿਸ ਦਾ ਜਵਾਬ ਪੁਲਿਸ ਨੇ ਮਿਰਚ ਸਪਰੇਅ ਅਤੇ ਲਾਠੀਚਾਰਜ ਨਾਲ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਝੜਪਾਂ ’ਚ 24 ਪੁਲਿਸ ਵਾਲੇ ਜ਼ਖਮੀ ਹੋ ਗਏ ਜਿਨ੍ਹਾਂ ਦਾ ਡਾਕਟਰੀ ਇਲਾਜ ਕੀਤਾ ਗਿਆ ਹੈ। ਕਈ ਪੁਲਿਸ ਦੇ ਘੋੜੇ ਵੀ ਜ਼ਖ਼ਮੀ ਹੋਏ ਹਨ ਪਰ ਉਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਨਹੀਂ। ਪੁਲਿਸ ’ਤੇ ਹਮਲਾ ਕਰਨ, ਪੁਲਿਸ ਦੇ ਕੰਮ ਵਿੱਚ ਰੁਕਾਵਟ ਪਾਉਣ ਅਤੇ ਅੱਗ ਲਾਉਣ ਸਮੇਤ ਵੱਖ-ਵੱਖ ਅਪਰਾਧਾਂ ਲਈ ਘੱਟੋ ਘੱਟ 33 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਕਈ ਪੱਤਰਕਾਰਾਂ ਨੂੰ ਘਟਨਾ ਸਥਾਨ ਤੋਂ ਲਾਈਵ ਰਿਪੋਰਟਿੰਗ ਕਰਦੇ ਸਮੇਂ ਪਰੇਸ਼ਾਨ ਕੀਤਾ ਗਿਆ ਸੀ ਜਾਂ ਉਨ੍ਹਾਂ ’ਤੇ ਹਮਲਾ ਕੀਤਾ ਗਿਆ।
ਪ੍ਰਦਰਸ਼ਨਕਾਰੀਆਂ ਨੇ ‘ਫ਼ਲਸਤੀਨ ਨੂੰ ਆਜ਼ਾਦ ਕਰੋ’ ਅਤੇ ‘ਘਰਾਂ ਅਤੇ ਸਿੱਖਿਆ ਲਈ ਪੈਸਾ ਦਿਓ, ਹਥਿਆਰਾਂ ਦੀਆਂ ਕੰਪਨੀਆਂ ਲਈ ਨਹੀਂ’ ਵਰਗੇ ਨਾਅਰੇ ਲਗਾਏ। ਪ੍ਰਦਰਸ਼ਨਕਾਰੀਆਂ ਦਾ ਦਾਅਵਾ ਹੈ ਕਿ ਉਹ ਐਕਸਪੋ ਵਿੱਚ ਵਿਘਨ ਪਾਉਣ ਅਤੇ ਹਥਿਆਰਾਂ ਦੇ ਵਪਾਰ ਦੇ ਨੁਕਸਾਨਦੇਹ ਅਸਰਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਦੋਂ ਕਿ ਅਧਿਕਾਰੀਆਂ ਨੇ ਪ੍ਰਦਰਸ਼ਨ ਦੌਰਾਨ ਕੀਤੀ ਜਾ ਰਹੀ ਹਿੰਸਾ ਦੀ ਨਿੰਦਾ ਕੀਤੀ ਅਤੇ ਪੁਲਿਸ ਦੀ ਕਾਰਵਾਈ ਦੀ ਸ਼ਲਾਘਾ ਕੀਤੀ। ਇਸ ਘਟਨਾ ਨੇ ਹਥਿਆਰ ਉਦਯੋਗ ਅਤੇ ਵਿਸ਼ਵਵਿਆਪੀ ਸੰਘਰਸ਼ਾਂ ’ਤੇ ਇਸ ਦੇ ਅਸਰ ਬਾਰੇ ਵਿਆਪਕ ਬਹਿਸ ਛੇੜ ਦਿੱਤੀ ਹੈ।
ਦੁਪਹਿਰ 1 ਵਜੇ ਦੇ ਕਰੀਬ ਪ੍ਰਦਰਸ਼ਨਕਾਰੀਆਂ ਨੂੰ ਲਗਭਗ ਹਟਾ ਦਿੱਤਾ ਗਿਆ ਸੀ। ਬਾਅਦ ’ਚ ਪ੍ਰੈੱਸ ਕਾਨਫ਼ਰੰਸ ਦੌਰਾਨ ਵਿਕਟੋਰੀਆ ਦੇ ਚੀਫ਼ ਪੁਲਿਸ ਕਮਿਸ਼ਨ Shane Patton ਨੇ ਇਨ੍ਹਾਂ ਪ੍ਰਦਰਸ਼ਨਾਂ ਨੂੰ 24 ਸਾਲ ਪਹਿਲਾਂ World Economic Forum ਵਿਰੁਧ ਮੈਲਬਰਨ ’ਚ ਹੋਏ ਪ੍ਰਦਰਸ਼ਨ ਤੋਂ ਬਾਅਦ ਸਭ ਤੋਂ ਵੱਡਾ ਪ੍ਰਦਰਸ਼ਨ ਦਸਿਆ ਹੈ।
ਇਕ ਬਿਆਨ ਵਿਚ ਪ੍ਰਦਰਸ਼ਨਕਾਰੀ Hugh ਨੇ ਦਾਅਵਾ ਕੀਤਾ ਕਿ ਰੈਲੀ ਦੌਰਾਨ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਸੀ। Hugh ਨੇ ਪੁਲਿਸ ਸੈੱਲ ਤੋਂ ਕਥਿਤ ਤੌਰ ‘ਤੇ ਕੀਤੀ ਗਈ ਟਿੱਪਣੀ ਵਿੱਚ ਕਿਹਾ, “ਮੈਂ ਹਥਿਆਰਾਂ ਦੇ ਵਪਾਰ ਦਾ ਵਿਰੋਧ ਕਰਨ ਲਈ ਇੱਕ ਤਖ਼ਤੀ ਫੜੀ ਹੋਈ ਸੀ ਜਦੋਂ ਪੁਲਿਸ ਨੇ ਮੈਨੂੰ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਮੇਰੀ ਪਿੱਠ ‘ਤੇ ਕਈ ਵਾਰ ਕੁੱਟਿਆ, ਜਿਸ ਨਾਲ ਵੱਡੇ ਸੱਟਾਂ ਲੱਗੀਆਂ। ਉਨ੍ਹਾਂ ਕਿਹਾ ਕਿ ਅੱਜ ਅਸੀਂ ਜਿਸ ਤਰ੍ਹਾਂ ਦੀ ਪੁਲਿਸ ਹਿੰਸਾ ਦੇਖੀ ਹੈ, ਉਹ ਸਪੱਸ਼ਟ ਤੌਰ ‘ਤੇ ਦਰਸਾਉਂਦੀ ਹੈ ਕਿ ਸਾਡੀ ਸਰਕਾਰ ਹਥਿਆਰ ਡੀਲਰਾਂ ਦੀ ਸਹਾਇਤਾ ਕਰਨ ਲਈ ਕਿੰਨੀ ਮਿਹਨਤ ਕਰ ਰਹੀ ਹੈ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀਆਂ ਕਾਰਵਾਈਆਂ ਰਾਹੀਂ ਲੈਂਡ ਫੋਰਸਿਜ਼ ਐਕਸਪੋ VIP ਨਾਸ਼ਤੇ ਅਤੇ ਐਕਸਪੋ ਖੋਲ੍ਹਣ ਵਿੱਚ ਦੇਰੀ ਕੀਤੀ। ਉਨ੍ਹਾਂ ਕਿਹਾ, ‘‘ਸਾਡੇ ਵਿੱਚੋਂ ਕੋਈ ਵੀ ਉਦੋਂ ਤੱਕ ਆਜ਼ਾਦ ਨਹੀਂ ਹੈ ਜਦੋਂ ਤੱਕ ਅਸੀਂ ਸਾਰੇ ਆਜ਼ਾਦ ਨਹੀਂ ਹੋ ਜਾਂਦੇ। ਗਾਜ਼ਾ ਵਿਚ ਨਸਲਕੁਸ਼ੀ, ਪੱਛਮੀ ਪਾਪੂਆ ਵਿਚ ਅੱਤਿਆਚਾਰ, ਕਾਂਗੋ ਵਿਚ ਗੁਲਾਮੀ, ਸੂਡਾਨ ਵਿਚ ਜ਼ਬਰਦਸਤੀ ਭੁੱਖਮਰੀ ਇਹ ਸਭ ਫੌਜੀਵਾਦ ਦਾ ਨਤੀਜਾ ਹੈ।’’