AI ਨੂੰ ਟਰੇਨ ਕਰਨ ਲਈ 2007 ਤੋਂ ਪ੍ਰਯੋਗ ਹੋ ਰਿਹੈ ਆਸਟ੍ਰੇਲੀਆ ਦੇ ਲੋਕਾਂ ਦਾ ਡਾਟਾ, ਜਾਣੋ Meta ਨੇ ਸੈਨੇਟ ਸਾਹਮਣੇ ਕੀ ਕੀਤਾ ਕਬੂਲਨਾਮਾ

ਮੈਲਬਰਨ : ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮੂਲ ਕੰਪਨੀ Meta ਆਪਣੇ AI ਉਤਪਾਦਾਂ ਨੂੰ ਸਿਖਲਾਈ ਦੇਣ ਲਈ 2007 ਤੋਂ ਲੱਖਾਂ ਆਸਟ੍ਰੇਲੀਆਈ ਉਪਭੋਗਤਾਵਾਂ ਤੋਂ ਡਾਟਾ ਇਕੱਤਰ ਕਰ ਰਹੀ ਹੈ। ਸੈਨੇਟ ਦੀ ਸੁਣਵਾਈ ਤੋਂ ਪਤਾ ਲੱਗਿਆ ਕਿ Meta ਉਪਭੋਗਤਾ ਪ੍ਰੋਫਾਈਲਾਂ ਤੋਂ ‘ਪਬਲਿਕ ਡੇਟਾ’ ਨੂੰ ਇਕੱਠਾ ਕਰਦਾ ਹੈ, ਜਿਸ ਵਿੱਚ ਫੋਟੋਆਂ ਅਤੇ ਲਿਖਤੀ ਸੰਦੇਸ਼ ਸ਼ਾਮਲ ਹਨ, ਜਿਨ੍ਹਾਂ ਨੂੰ ਪਬਲਿਕ ਕੀਤਾ ਜਾਂਦਾ ਹੈ।

18 ਸਾਲ ਤੋਂ ਘੱਟ ਉਮਰ ਦੇ ਯੂਜਰਸ ਨੂੰ ਛੋਟ ਦਿੱਤੀ ਗਈ ਹੈ, ਪਰ ਮਾਪਿਆਂ ਵੱਲੋਂ ਪੋਸਟ ਕੀਤੀਆਂ ਬੱਚਿਆਂ ਦੀਆਂ ਫੋਟੋਆਂ ਅਜੇ ਵੀ ਇਕੱਤਰ ਕੀਤੀਆਂ ਜਾ ਸਕਦੀਆਂ ਹਨ। ਕੰਪਨੀ ਦਾ ਦਾਅਵਾ ਹੈ ਕਿ ਉਪਭੋਗਤਾ ਡੇਟਾ ਦੀ ਰੱਖਿਆ ਲਈ ਉਪਾਅ ਕੀਤੇ ਗਏ ਹਨ, ਪਰ ਸੈਨੇਟਰਾਂ ਨੇ ਨੈਤਿਕ ਚਿੰਤਾਵਾਂ ਜ਼ਾਹਰ ਕੀਤੀਆਂ ਅਤੇ ਮੈਟਾ ਦੀਆਂ ਡਾਟਾ ਇਕੱਤਰ ਕਰਨ ਦੀਆਂ ਨੀਤੀਆਂ ਦੀ ਪਾਰਦਰਸ਼ਤਾ ’ਤੇ ਸਵਾਲ ਚੁੱਕੇ।

ਇਹ ਸੁਣਵਾਈ ਆਸਟ੍ਰੇਲੀਆ ਵਿਚ ਤਕਨੀਕੀ ਕੰਪਨੀਆਂ ਦੇ ਕੰਮਕਾਜ ਦੀ ਵਿਆਪਕ ਜਾਂਚ ਦਾ ਹਿੱਸਾ ਹੈ, ਜਿਸ ਵਿਚ ਸਰਕਾਰ ਬੱਚਿਆਂ ਦੇ ਸੋਸ਼ਲ ਮੀਡੀਆ ਤੱਕ ਪਹੁੰਚਣ ’ਤੇ ਪਾਬੰਦੀ ਲਗਾਉਣ ਅਤੇ ਡਾਟਾ ਇਕੱਤਰ ਕਰਨ ਅਤੇ ਵਿਗਿਆਪਨ ਅਭਿਆਸਾਂ ’ਤੇ ਸਖਤ ਨਿਯਮਾਂ ‘ਤੇ ਵਿਚਾਰ ਕਰ ਰਹੀ ਹੈ। ਚਿੰਤਾ ਉਦੋਂ ਹੋਰ ਵੀ ਵੱਧ ਜਾਂਦੀ ਹੈ ਜਦੋਂ ਯੂਰੋਪ ਦੇ ਦੇਸ਼ਾਂ ’ਚ Meta ਦੀਆਂ ਐਪਸ ਦੇ ਪ੍ਰਯੋਗਕਰਤਾਵਾਂ ਕੋਲ ਇਹ ਬਦਲ ਹੁੰਦਾ ਹੈ ਕਿ ਉਹ ਆਪਣੇ ਡੇਟਾ ਨੂੰ AI ਕੋਲ ਪਹੁੰਚਣ ਤੋਂ ਰੋਕ ਸਕਦੇ ਹਨ।