ਰਾਹੁਲ, ਬੁਲਬੁਲ ਅਤੇ ਅੰਕਿਤ ਨੇ ਵਧਾਇਆ ਭਾਰਤ ਦਾ ਮਾਣ, ਆਜ਼ਾਦੀ ਦਿਹਾੜੇ ਵਾਲੇ ਦਿਨ ਆਸਟ੍ਰੇਲੀਆ ਦੀ ਸਭ ਤੋਂ ਉੱਚੀ ਚੋਟੀ ’ਤੇ ਲਹਿਰਾਇਆ ਤਿਰੰਗਾ

ਮੈਲਬਰਨ : ਭਾਰਤ ਦੇ 78ਵੇਂ ਆਜ਼ਾਦੀ ਦਿਹਾੜੇ ਮੌਕੇ ਮੱਧ ਪ੍ਰਦੇਸ਼ ਦੇ ਅੰਕਿਤ ਅਤੇ ਬੁਲਬੁਲ ਸਮੇਤ ਛੱਤੀਸਗੜ੍ਹ ਦੇ ਰੋਹਿਤ ਗੁਪਤਾ ਨੇ ਦੇਸ਼ ਦਾ ਮਾਣ ਵਧਾਇਆ ਹੈ। ਤਿੰਨਾਂ ਨੇ ਆਸਟ੍ਰੇਲੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕੋਸਿਅਸਕੋ ’ਤੇ ਤਿਰੰਗਾ ਲਹਿਰਾਇਆ ਹੈ।

ਤਿੰਨਾਂ ਨੇ 15 ਅਗੱਸਤ ਦੀ ਸਵੇਰ 9:26 ਵਜੇ ਤਿਰੰਗਾ ਲਹਿਰਾਇਆ ਜਦੋਂ ਇੱਥੇ ਤਾਪਮਾਨ 0 ਤੋਂ ਵੀ 4 ਤੋਂ 5 ਡਿਗਰੀ ਘੱਟ ਸੀ। ਮਾਊਂਟ ਕੋਸਿਅਸਕੋ NSW ’ਚ ਸਥਿਤ ਹੈ ਅਤੇ ਇਸ ਦੀ ਉਚਾਈ 7310 ਫ਼ੁੱਟ ਯਾਨੀਕਿ 2228 ਮੀਟਰ ਹੈ। ਦਰਅਸਲ ਜਿਸ ਭਾਰਤੀ ਟੀਮ ਨੇ ਇਹ ਮੁਿਹੰਮ ਸ਼ੁਰੂ ਕੀਤੀ ਸੀ ਉਸ ’ਚ 11 ਲੋਕ ਸ਼ਾਮਲ ਸਨ ਜਿਨ੍ਹਾਂ ’ਚ 5 ਮਰਦ ਅਤੇ 6 ਔਰਤਾਂ ਸਨ। ਟੀਮ ਦੀ ਅਗਵਾਈ ਨਰਿੰਦਰ ਯਾਦਵ ਨੇ ਕੀਤੀ ਜੋ ਹਰਿਆਣਾ ਤੋਂ ਹਨ।

‘ਮਾਊਂਟੇਨ ਮੈਨ’ ਦੇ ਨਾਂ ਨਾਲ ਮਸ਼ਹੂਰ 26 ਸਾਲ ਦੇ ਅੰਕਿਤ ਕੁਮਾਰ ਸੇਨ ਜਬਲਪੁਰ ਜ਼ਿਲ੍ਹੇ ਦੀ ਮਝੋਲੀ ਤਹਿਸੀਲ ਦੇ ਪਦਰੀਆ ਨਾਂ ਦੇ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਹਨ। ਅੰਕਿਤ ਨੇ ਸੱਤ ਮਹਾਂਦੀਪਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ ’ਤੇ ਭਾਰਤੀ ਝੰਡਾ ਲਹਿਰਾਉਣ ਦਾ ਟੀਚਾ ਰੱਖਿਆ ਹੈ। ਉਸਨੇ 2014 ਵਿੱਚ ਸਿਰਫ 16 ਸਾਲ ਦੀ ਉਮਰ ਵਿੱਚ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਇਸ ਤੋਂ ਪਹਿਲਾਂ ਉਹ ਕਿਲੀਮੰਜਾਰੋ ਅਤੇ ਮਾਊਂਟ ਐਲਬਰੂਸ ਦੀਆਂ ਸਭ ਤੋਂ ਉੱਚੀਆਂ ਚੋਟੀਆਂ (15 ਅਗਸਤ, 2023 ਨੂੰ) ’ਤੇ ਰਾਸ਼ਟਰੀ ਝੰਡਾ ਲਹਿਰਾ ਚੁੱਕੇ ਹਨ।