ਮੈਲਬਰਨ ਏਅਰਪੋਰਟ ਤੇ ਤੀਜੇ ਰਨਵੇ ਦੇ ਨਿਰਮਾਣ ਨੂੰ ਮਨਜ਼ੂਰੀ, ਏਅਰਪੋਰਟ ਨੇੜਲੇ ਲੋਕਾਂ ਦੀ ਵਧੀ ਚਿੰਤਾ, ਜਾਣੋ ਕੀ ਚੁੱਕੀ ਮੰਗ

ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਮੈਲਬਰਨ ਏਅਰਪੋਰਟ ਦੇ ਤੀਜੇ ਰਨਵੇ ਦੇ ਨਿਰਮਾਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਸਸਤੇ ਹਵਾਈ ਕਿਰਾਏ ਅਤੇ ਸਮੇਂ ਸਿਰ ਉਡਾਣਾਂ ਦਾ ਵਾਅਦਾ ਕੀਤਾ ਗਿਆ ਹੈ। ਹਵਾਈ ਅੱਡੇ ਦਾ ਦਾਅਵਾ ਹੈ ਕਿ ਨਵਾਂ ਰਨਵੇ 51,000 ਨੌਕਰੀਆਂ ਪੈਦਾ ਕਰੇਗਾ ਅਤੇ ਸਟੇਟ ਦੀ ਆਰਥਿਕਤਾ ਲਈ ਸਾਲਾਨਾ 6 ਬਿਲੀਅਨ ਡਾਲਰ ਪੈਦਾ ਕਰੇਗਾ। ਨਵੇਂ ਰਨਵੇ ਦਾ ਕੰਮ 2031 ਤਕ ਪੂਰਾ ਹੋਣ ਦੀ ਸੰਭਾਵਨਾ ਹੈ।

ਹਾਲਾਂਕਿ, ਉਡਾਣ ਮਾਰਗਾਂ ਦੇ ਹੇਠਲੇ ਵਸਨੀਕ ਪ੍ਰੇਸ਼ਾਨ ਹੋ ਗਏ ਹਨ ਅਤੇ ਆਪਣੇ ਜੀਵਨ ਦੇ ਮਿਆਰ ਨੂੰ ਲੈ ਕੇ ਡਰੇ ਹੋਏ ਹਨ। ਉਹ ਆਪਣੀ ਸਿਹਤ ’ਤੇ ਵਧੇ ਹੋਏ ਸ਼ੋਰ ਦੇ ਪ੍ਰਭਾਵ ਬਾਰੇ ਵੀ ਚਿੰਤਤ ਹਨ, ਖ਼ਾਸਕਰ ਨੀਂਦ ਵਿੱਚ ਗੜਬੜ, ਦਿਲ ਦੀ ਬਿਮਾਰੀ, ਚਿੰਤਾ, ਅਤੇ ਉਦਾਸੀਨਤਾ, ਅਤੇ ਨਾਲ ਹੀ ਬੱਚਿਆਂ ਦੇ ਬੌਧਿਕ ਵਿਕਾਸ ’ਚ ਦੇਰੀ। ਉਨ੍ਹਾਂ ਨੇ ਰਾਤ ਦੇ ਸਮੇਂ ਸਿਡਨੀ ਏਅਰਪੋਰਟ ਵਾਂਗ ਕਰਫਿਊ ਦੀ ਮੰਗ ਕੀਤੀ ਹੈ ਤਾਂ ਕਿ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਨੀਦ ’ਚ ਖਲਲ ਨਾ ਪਵੇ। ਸਥਾਨਕ ਵਸਨੀਕਾਂ ਨੂੰ ਸਰਕਾਰ ਦੇ ਦਾਅਵਿਆਂ ’ਤੇ ਵੀ ਸ਼ੱਕ ਹੈ। ਉਹ ਭਾਈਚਾਰੇ ਦੀਆਂ ਚਿੰਤਾਵਾਂ ਦਾ ਜਵਾਬ ਦੇਣ ਦੇ ਹਵਾਈ ਅੱਡੇ ਦੇ ਮਾੜੇ ਟਰੈਕ ਰਿਕਾਰਡ ਅਤੇ ਪ੍ਰਾਪਰਟੀ ਦੀਆਂ ਕੀਮਤਾਂ ਵਿੱਚ ਕਮੀ ਦੀ ਸੰਭਾਵਨਾ ਵੱਲ ਇਸ਼ਾਰਾ ਕਰਦੇ ਹਨ।