ਮੈਲਬਰਨ : ਲੰਡਨ ’ਚ ਸੈਲਾਨੀ ਦਰਮਿਆਨ ਮਸ਼ਹੂਰ ਥਾਂ ਲੈਸਟਰ ਸਕੁਆਇਰ ’ਚ ਸੋਮਵਾਰ ਨੂੰ ਜਿਸ 11 ਸਾਲ ਦੀ ਕੁੜੀ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ ਉਸ ਦੀ ਪਛਾਣ ਆਸਟ੍ਰੇਲੀਆ ਦੀ ਸਟੇਟ New South Wales (NSW) ਵਾਸੀ ਵਜੋਂ ਹੋਈ ਹੈ ਜੋ ਆਪਣੀ ਮਾਂ ਨਾਲ ਲੰਡਨ ’ਚ ਛੁੱਟੀਆ ਬਿਤਾਉਣ ਲਈ ਗਈ ਹੋਈ ਸੀ। ਰੋਮਾਨੀਆ ਦੇ 32 ਸਾਲ ਦੇ ਇੱਕ ਨਾਗਰਿਕ Ioan Pintaru ਨੇ ਲੜਕੀ ’ਤੇ ਅੱਠ ਵਾਰ ਚਾਕੂ ਨਾਲ ਹਮਲਾ ਕੀਤਾ ਸੀ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਪਲਾਸਟਿਕ ਸਰਜਰੀ ਦੀ ਲੋੜ ਪਈ।
ਹਮਲਾ ਉਦੋਂ ਕੀਤਾ ਗਿਆ ਜਦੋਂ ਕੁੜੀ ਆਪਣੀ ਮਾਂ ਨਾਲ ਇੱਕ ਚਾਹ ਦੀ ਦੁਕਾਨ ਦੇ ਬਾਹਰ ਸੀ। ਰਾਹਗੀਰਾਂ ਨੇ ਪੁਲਿਸ ਦੇ ਪਹੁੰਚਣ ਤੱਕ Pintaru ਨੂੰ ਕਾਬੂ ਕਰ ਲਿਆ ਜਿਸ ਕਾਰਨ ਬੱਚੀ ਦੀ ਜਾਨ ਬਚ ਸਕੀ। Pintaru ’ਤੇ ਕਤਲ ਦੀ ਕੋਸ਼ਿਸ਼ ਅਤੇ ਚਾਕੂ ਰੱਖਣ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ 10 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਹ ਹਮਲਾ ਬ੍ਰਿਟੇਨ ਵਿਚ ਚਾਕੂ ਦੇ ਅਪਰਾਧ ਵਿਚ ਹਾਲ ਹੀ ਵਿਚ ਹੋਏ ਵਾਧੇ ਦੇ ਵਿਚਕਾਰ ਹੋਇਆ ਹੈ, ਜਿੱਥੇ ਕਈ ਦਿਨਾਂ ਤੋਂ ਹਿੰਸਾ ਅਤੇ ਪੁਲਿਸ ਅਤੇ ਭੀੜ ਵਿਚਾਲੇ ਝੜਪਾਂ ਹੋਈਆਂ ਹਨ ਜੋ ਪ੍ਰਵਾਸੀ ਵਿਰੋਧੀ ਅਤੇ ਇਸਲਾਮੋਫੋਬਿਕ ਨਾਅਰੇ ਲਗਾ ਰਹੀਆਂ ਹਨ। ਹਾਲਾਂਕਿ, ਅਧਿਕਾਰੀਆਂ ਦਾ ਕਹਿਣਾ ਹੈ ਕਿ ਚਾਕੂ ਮਾਰਨ ਦੀ ਘਟਨਾ ਇਕੱਲੀ ਘਟਨਾ ਸੀ ਅਤੇ ਇਸ ਦਾ ਵਿਆਪਕ ਅਸ਼ਾਂਤੀ ਨਾਲ ਕੋਈ ਸਬੰਧ ਨਹੀਂ ਸੀ।