ਮੈਲਬਰਨ : ਆਸਟ੍ਰੇਲੀਆਈ ਡੈਂਟਲ ਐਸੋਸੀਏਸ਼ਨ (ADA) ਨੇ ਦੰਦਾਂ ਦੇ ਮਰੀਜ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਵਿਦੇਸ਼ਾਂ ਵਿੱਚ ਦੰਦਾਂ ਦੇ ਇਲਾਜ ਦੀ ਮੰਗ ਕਰਦੇ ਸਮੇਂ ਸਾਵਧਾਨ ਰਹਿਣ। ਦਰਅਸਲ ਕੁਈਨਜ਼ਲੈਂਡ ਦੀ ਇੱਕ ਬਜ਼ੁਰਗ ਔਰਤ Christine Gwin ਆਪਣੇ ਦੰਦਾਂ ਦਾ ਇਲਾਜ ਕਰਵਾਉਣ ਲਈ ਮੁੰਬਈ ਦੀ Dentzz dental clinic ’ਚ ਗਈ ਸੀ ਜੋ ਆਸਟ੍ਰੇਲੀਆ ਵਾਸੀਆਂ ’ਚ ਬਹੁਤ ਮਸ਼ਹੂਰ ਹੈ। ਪਰ ਕਲੀਨਿਕ ’ਚ ਉਸ ਦਾ ਤਜਰਬਾ ਬਹੁਤ ਬੁਰਾ ਰਿਹਾ। ਉਸ ਨੇ ਦੋਸ਼ ਲਾਇਆ ਕਿ ਕਲੀਨਿਕ ਨੇ ਉਸ ਨੂੰ ਆਨਲਾਈਨ ਗੱਲਬਾਤ ਜਿੰਨੀ ਫ਼ੀਸ ਦੱਸੀ ਸੀ ਉਸ ਤੋਂ ਤਿੰਨ ਗੁਣਾ ਖ਼ਰਚ ਲੈ ਲਿਆ, ਪਰ ਇਸ ਦੇ ਬਾਵਜੂਦ ਉਸ ਦੇ ਦੰਦਾਂ ’ਚ ਦਰਦ ਹੁੰਦਾ ਰਿਹਾ, ਅਤੇ ਅਖ਼ੀਰ ਉਸ ਨੂੰ ਆਸਟ੍ਰੇਲੀਆ ਦੇ ਡਾਕਟਰਾਂ ਤੋਂ ਇਲਾਜ ਕਰਵਾਉਣਾ ਪੈ ਰਿਹਾ ਹੈ ਜੋ ਪਹਿਲਾਂ ਨਾਲੋਂ ਵੀ ਵੱਧ ਖ਼ਰਚ ਦੱਸ ਰਹੇ ਹਨ। ਹੁਣ ਉਹ ਆਪਣੇ ਦੰਦਾਂ ਦੇ ਦਰਦ ਦਾ ਇਲਾਜ ਕਰਵਾਉਣ ਲਈ ਮਕਾਨ ਵੇਚਣ ਦੀ ਸੋਚ ਰਹੀ ਹੈ।
Dentzz dental clinic ਨੂੰ ਗੂਗਲ ’ਤੇ ਬਹੁਤ ਚੰਗੀ ਰੇਟਿੰਗ ਮਿਲੀ ਹੋਈ ਸੀ ਪਰ ਰੀਵਿਊ ਵੈੱਬਸਾਈਟ Trustpilot ਨੇ ਕਿਹਾ ਹੈ ਕਿ ਇਸ ਦੀ ਫ਼ਰਜ਼ੀ ਰੀਵਿਊ ਦੀ ਪਛਾਣ ਕਰਨ ਵਾਲੀ ਤਕਨਾਲੋਜੀ ਨੇ ਵੇਖਿਆ ਕਿ Dentzz ਦੀ ਜ਼ਿਆਦਾਤਰ ਰੇਟਿੰਗ ਫ਼ਰਜ਼ੀ ਸੀ। ਪਹਿਲਾਂ Dentzz dental clinic ਦੀ ਔਸਤ ਰੇਟਿੰਗ 5 ਵਿੱਚੋਂ 4.9 ਸੀ, ਪਰ ਸਮੀਖਿਆ ਵਿੱਚ ਪਾਇਆ ਗਿਆ ਕਿ ਬਹੁਤ ਸਾਰੀਆਂ ਰੇਟਿੰਗ ਜਾਅਲੀ ਸਨ ਅਤੇ ਕਲੀਨਿਕ ਦੇ ਆਪਣੇ ਸਟਾਫ ਜਾਂ ਪੈਸੇ ਦੇ ਕੇ ਲਿਖੀਆਂ ਗਈਆਂ ਸਨ। ਗੂਗਲ ਨੇ ਉਦੋਂ ਤੋਂ 700 ਤੋਂ ਵੱਧ ਸਮੀਖਿਆਵਾਂ ਹਟਾ ਦਿੱਤੀਆਂ ਹਨ, ਜਿਸ ਨਾਲ ਕਲੀਨਿਕ ਦੀ ਰੇਟਿੰਗ ਘਟ ਕੇ 2.9 ਸਟਾਰ ਹੋ ਗਈ ਹੈ।
ਹਾਲਾਂਕਿ Dentzz dental clinic ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ, ਅਤੇ ਕਿਹਾ ਹੈ ਕਿ Christine Gwin ਦੇ ਦੰਦਾਂ ਦੀ ਹਾਲਤ ਬਹੁਤ ਖ਼ਰਾਬ ਸੀ ਜੋ ਆਨਲਾਈਨ ਠੀਕ ਤਰ੍ਹਾਂ ਨਹੀਂ ਜਾਂਚੀ ਜਾ ਸਕਦੀ ਸੀ। ਕਲੀਨਿਕ ਨੇ ਇਹ ਵੀ ਕਿਹਾ ਕਿ Christine Gwin ਆਪਣੇ ਦੰਦਾਂ ਦਾ ਮੁੜ ਇਲਾਜ ਕਰਵਾਉਣ ਲਈ ਨਹੀਂ ਆਈ ਜਿਸ ਕਾਰਨ ਉਸ ਦੇ ਦੰਦਾਂ ’ਚ ਦਰਦ ਹੁੰਦਾ ਰਿਹਾ।
ADA ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਭਾਵੇਂ ਵਿਦੇਸ਼ਾਂ ’ਚ ਦੰਦਾਂ ਦੇ ਦਰਦ ਦਾ ਇਲਾਜ ਸਸਤਾ ਹੁੰਦਾ ਹੈ ਪਰ ਇਸ ’ਚ ਗ਼ਲਤ ਇਲਾਜ ਅਤੇ ਇਨਫ਼ੈਕਸ਼ਨ ਹੋਣ ਦਾ ਡਰ ਰਹਿੰਦਾ ਹੈ। ADA ਦੇ ਪ੍ਰੈਜ਼ੀਡੈਂਟ ਸਕਾਟ ਡੇਵਿਸ ਨੇ ਕਿਹਾ, ‘‘ਵਿਦੇਸ਼ਾਂ ’ਚ ਇਲਾਜ ਨਾਲ ਤੁਹਾਨੂੰ ਆਸਟ੍ਰੇਲੀਆ ਵਾਂਗ ਉਹ ਕਾਨੂੰਨੀ ਮਦਦ ਨਹੀਂ ਮਿਲੇਗੀ- ਜਿਸ ਤਰ੍ਹਾਂ ਦੇ ਰੈਗੂਲੇਟਰੀ ਮਾਨਕ ਆਸਟ੍ਰੇਲੀਆ ’ਚ ਹੁੰਦੇ ਹਨ।’’