ਪੈਰਿਸ ਓਲੰਪਿਕ ਖੇਡਾਂ ’ਚ ਆਸਟ੍ਰੇਲੀਆ ਦਾ ਰੀਕਾਰਡਤੋੜ ਪ੍ਰਦਰਸ਼ਨ, ਮੈਡਲ ਪ੍ਰਤੀ ਵਿਅਕਤੀ ਦੇ ਮਾਮਲੇ ’ਚ ਵੀ ਸਿਖਰ ’ਤੇ ਪੁੱਜਾ

ਮੈਲਬਰਨ : ਪੈਰਿਸ ਓਲੰਪਿਕ ਖੇਡਾਂ ਨੂੰ ਖ਼ਤਮ ਹੋਣ ’ਚ ਭਾਵੇਂ ਤਿੰਨ ਦਿਨ ਬਾਕੀ ਰਹਿ ਗਏ ਹਨ ਪਰ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਹੋਰ ਤੇਜ਼ ਹੁੰਦੀ ਜਾ ਰਹੀ ਹੈ। ਆਸਟ੍ਰੇਲੀਆ ਨੇ 18 ਗੋਲਡ ਮੈਡਲ ਜਿੱਤ ਕੇ ਹੁਣ ਤਕ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਸਭ ਤੋਂ ਜ਼ਿਆਦਾ ਮੈਡਲ ਜਿੱਤਣ ਵਾਲੇ ਦੇਸ਼ਾਂ ਦੀਆਂ ਵੀ ਤਿੰਨ ਤਰ੍ਹਾਂ ਦੀਆਂ ਸੂਚੀਆਂ ਤਿਆਰ ਹੋ ਗਈਆਂ ਹਨ।

ਰਵਾਇਤੀ ਸੂਚੀ ਅਨੁਸਾਰ ਸਭ ਤੋਂ ਜ਼ਿਆਦਾ ਗੋਲਡ ਮੈਡਲ ਜਿੱਤਣ ਵਾਲਾ ਦੇਸ਼ ਪਹਿਲੇ ਨੰਬਰ ’ਤੇ ਹੁੰਦਾ ਹੈ, ਜਿਸ ਨੂੰ ਅਮਰੀਕਾ ਨੇ ਮੱਲਿਆ ਹੋਇਆ ਹੈ। ਅਮਰੀਕਾ ਨੇ ਹੁਣ ਤਕ ਸਭ ਤੋਂ ਜ਼ਿਆਦਾ 27 ਗੋਲਡ ਮੈਡਲ ਜਿੱਤੇ ਹਨ। ਇੱਕ ਦੂਜੀ ਸੂਚੀ ਵੀ ਹੈ ਜਿਸ ’ਚ ਸਭ ਤੋਂ ਜ਼ਿਆਦਾ ਮੈਡਲ ਜਿੱਤਣ ਦੇ ਮਾਮਲੇ ’ਚ ਵੀ ਅਮਰੀਕਾ ਸਿਖਰ ’ਤੇ ਹੈ। ਅਮਰੀਕੇ ਨੇ ਹੁਣ ਤਕ ਗੋਲਡ, ਸਿਲਵਰ ਅਤੇ ਬਰੌਂਜ਼ ਮਿਲਾ ਕੇ ਕੁੱਲ 94 ਮੈਡਲ ਜਿੱਤੇ ਹਨ।

ਪਰ ਜੇਕਰ ਮੈਡਲ ਪ੍ਰਤੀ ਵਿਅਕਤੀ ਦੇ ਮਾਮਲੇ ’ਚ ਵੇਖਿਆ ਜਾਵੇ ਤਾਂ ਆਸਟ੍ਰੇਲੀਆ ਸਿਖਰ ’ਤੇ ਹੈ ਅਤੇ ਉਸ ਨੇ ਪਹਿਲੇ ਨੰਬਰ ’ਤੇ ਮੌਜੂਦ ਅਮਰੀਕਾ ਅਤੇ ਦੂਜੇ ਨੰਬਰ ’ਤੇ ਮੌਜੂਦ ਚੀਨ ਨੂੰ ਕਾਫ਼ੀ ਪਿੱਛੇ ਛੱਡ ਦਿੱਤਾ ਹੈ। ਮੈਡਲ ਪ੍ਰਤੀ ਵਿਅਕਤੀ ਦੇਸ਼ਾਂ ਦੀ ਸੂਚੀ ’ਚ ਆਸਟ੍ਰੇਲੀਆ ਨੇ ਕੁੱਲ 41 ਮੈਡਲਾਂ ਨਾਲ 0.6 ਮੈਡਲ ਪ੍ਰਤੀ 1.5 ਮਿਲੀਅਨ ਵਿਅਕਤੀ ਜਿੱਤੇ ਹਨ। ਨੀਦਰਲੈਂਡਸ ਇਸ ਮਾਮਲੇ ’ਚ ਦੂਜੇ ਨੰਬਰ ’ਤੇ ਹੈ ਜਿਸ ਨੇ 0.5 ਮੈਡਲ ਪ੍ਰਤੀ 1.1 ਮਿਲੀਅਨ ਵਿਅਕਤੀ ਜਿੱਤੇ ਹਨ। ਜਦਕਿ 0.2 ਮੈਡਲ ਪ੍ਰਤੀ 0.7 ਮਿਲੀਅਨ ਵਿਅਕਤੀ ਜਿੱਤ ਕੇ ਫ਼ਰਾਂਸ ਤੀਜੇ ਨੰਬਰ ’ਤੇ ਹੈ।