ਮੈਲਬਰਨ : ਪੈਰਿਸ ਓਲੰਪਿਕ ਖੇਡਾਂ ’ਚ ਦੁਨੀਆ ਭਰ ਦੇ ਐਥਲੀਟ ਨਵੇਂ ਰਿਕਾਰਡ ਬਣਾ ਰਹੇ ਹਨ। ਆਪਣੇ ਐਥਲੀਟਾਂ ਨੂੰ ਪ੍ਰਦਰਸ਼ਨ ਕਰਨ ਲਈ ਉਤਸ਼ਾਹਤ ਕਰਨ ਲਈ, ਕੁਝ ਦੇਸ਼ ਨਕਦ ਬੋਨਸ ਦਿੰਦੇ ਹਨ। ਆਸਟ੍ਰੇਲੀਆਈ ਸਪੋਰਟਸ ਫੈਡਰੇਸ਼ਨ ਮੁਤਾਬਕ ਸਿੰਗਾਪੁਰ ਆਪਣੇ ਜੇਤੂ ਐਥਲੀਟਾਂ ਨੂੰ ਗੋਲਡ ਮੈਡਲ ਜਿੱਤਣ ਲਈ 1.1 ਮਿਲੀਅਨ ਡਾਲਰ ਦਾ ਭੁਗਤਾਨ ਕਰ ਕੇ ਦੁਨੀਆ ‘ਚ ਸਭ ਤੋਂ ਅੱਗੇ ਹੈ।
ਇਸ ਤੋਂ ਬਾਅਦ ਹਾਂਗਕਾਂਗ ਦਾ ਨੰਬਰ ਆਉਂਦਾ ਹੈ, ਜੋ ਆਪਣੇ ਗੋਲਡ ਮੈਡਲ ਜੇਤੂਆਂ ਨੂੰ 950,000 ਡਾਲਰ ਦਿੰਦਾ ਹੈ। ਕਜ਼ਾਕਿਸਤਾਨ 3,70,000 ਡਾਲਰ, ਮਲੇਸ਼ੀਆ 3,53,000 ਡਾਲਰ ਅਤੇ ਹੰਗਰੀ 2,08,000 ਡਾਲਰ ਦਾ ਭੁਗਤਾਨ ਕਰਦਾ ਹੈ। ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਆਪਣੇ ਗੋਲਡ ਮੈਡਲ ਜਿੱਤਣ ਵਾਲੇ ਐਥਲੀਟਾਂ ਨੂੰ 100,000 ਡਾਲਰ ਦੇਣ ਦਾ ਐਲਾਨ ਕੀਤਾ ਹੈ
ਆਸਟ੍ਰੇਲੀਆਈ ਓਲੰਪਿਕ ਕਮੇਟੀ ਦੀ ਨਵੀਂ ਐਥਲੀਟ ਪ੍ਰੋਤਸਾਹਨ ਯੋਜਨਾ ਦੇ ਅਨੁਸਾਰ, ਆਸਟ੍ਰੇਲੀਆਈ ਐਥਲੀਟਾਂ ਨੂੰ ਵੀ ਬੋਨਸ ਮਿਲਦਾ ਹੈ, ਜੋ ਇਸ ਦੀ ਤੁਲਨਾ ਵਿੱਚ ਕਾਫ਼ੀ ਘੱਟ ਹੈ। ਗੋਲਡ ਮੈਡਲ ਲਈ 20,000 ਡਾਲਰ, ਸਿਲਵਰ ਲਈ 15,000 ਡਾਲਰ ਅਤੇ ਬਰੌਜ਼ ਲਈ 10,000 ਡਾਲਰ। ਇਸ ਤੋਂ ਇਲਾਵਾ ਵਿਸ਼ਵ ਰਿਕਾਰਡ ਤੋੜਨ ਵਾਲਿਆਂ ਨੂੰ 30,000 ਡਾਲਰ ਦਾ ਬੋਨਸ ਦਿੱਤਾ ਜਾਂਦਾ ਹੈ।
ਡੈਨਮਾਰਕ, ਰੋਮਾਨੀਆ ਅਤੇ ਹੰਗਰੀ ਸਾਰੇ ਤਮਗਾ ਜੇਤੂਆਂ ਨੂੰ ਟੈਕਸ ਛੋਟ ਦਿੰਦੇ ਹਨ। ਜਦਕਿ ਗ੍ਰੇਟ ਬ੍ਰਿਟੇਨ, ਨਿਊਜ਼ੀਲੈਂਡ, ਨਾਰਵੇ ਅਤੇ ਸਵੀਡਨ ਵਰਗੇ ਕੁਝ ਦੇਸ਼ ਮੈਡਲ ਲਈ ਕੋਈ ਨਕਦ ਬੋਨਸ ਨਹੀਂ ਦਿੰਦੇ।