ਆਸਟ੍ਰੇਲੀਆ ਦੇ ਮਿਊਜ਼ੀਅਮ ’ਚ ਸੁਸ਼ੋਭਿਤ ਹੋਣਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦੋ ਮਾਡਲ, ਤਿਆਰ ਕਰਨ ਦਾ ਕਾਰਨ ਵੀ ਦਸਿਆ ਕਲਾਕਾਰ ਗੁਰਪ੍ਰੀਤ ਸਿੰਘ ਨੇ

ਮੈਲਬਰਨ: 1984 ਦੇ ਸਾਕਾ ਨੀਲਾ ਤਾਰਾ ਦੌਰਾਨ ਨੁਕਸਾਨੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਡਲ ਜਲਦੀ ਹੀ ਆਸਟ੍ਰੇਲੀਆ ਦੇ ਇੱਕ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਅੰਮ੍ਰਿਤਸਰ ਦੇ ਰਹਿਣ ਵਾਲੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਜੂਨ 1984 ਦੇ ਘੱਲੂਘਾਰੇ ਵਾਪਰਨ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਜੋ ਦਿੱਖ ਹੋਇਆ ਕਰਦੀ ਸੀ ਉਸ ਦਾ ਡਿਟੇਲ ਮਾਡਲ ਤੇ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ ਦੋਨੋਂ ਮਾਡਲ ਇਕੱਠੇ ਆਸਟ੍ਰੇਲੀਆ ਦੇ ਮਿਊਜ਼ਅਮ ਦੇ ਵਿੱਚ ਸੁਸ਼ੋਭਿਤ ਕਰਨ ਦੇ ਲਈ ਤਿਆਰ ਕੀਤੇ ਗਏ ਹਨ।

ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਮਾਡਲ ਇਹ ਮਾਡਲ ਬਣਾਉਣ ਦਾ ਮੁੱਖ ਉਦੇਸ਼ ਹੈ ਕਿ ਦੁਨੀਆ ਨੂੰ ਦੱਸਿਆ ਜਾਵੇ ਸਿੱਖ ਪੰਥ ਨਾਲ ਜੋ ਨਾ-ਇਨਸਾਫ਼ੀ ਹੋਈ ਹੈ ਉਸ ਦਾ ਉਨ੍ਹਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ, ‘‘ਇਸ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀ। ਇਸ ਮੌਕੇ ਤੋਪਾਂ, ਟੈਂਕਾਂ ਨਾਲ ਹਮਲਾ ਕਰਕੇ ਸਿੰਘ, ਸਿੰਘਣੀਆਂ, ਬੱਚਿਆਂ ਤੇ ਬਜ਼ੁਰਗਾਂ ਨੂੰ ਸ਼ਹੀਦ ਕਰ ਦਿੱਤਾ ਗਿਆ।’’

ਇਸ ਸਮੇਂ ਗੁਰਪ੍ਰੀਤ ਸਿੰਘ ਖੁਦ ਆਸਟ੍ਰੇਲੀਆ ਵਿਚ ਹੈ। ਉਸ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਅਜਿਹੇ ਹੋਰ ਮਾਡਲ ਬਣਾ ਕੇ ਅਜਾਇਬ ਘਰਾਂ, ਲਾਇਬ੍ਰੇਰੀਆਂ, ਵੱਖ-ਵੱਖ ਗੁਰਦੁਆਰਿਆਂ, ਜਿੱਥੇ ਵੀ ਸੰਭਵ ਹੋਵੇ ਸਥਾਪਤ ਕਰਨ ਤਾਂ ਜੋ ਅੱਜ ਦੀ ਪੀੜ੍ਹੀ ਨੂੰ ਉਨ੍ਹਾਂ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ।

ਮੀਡੀਆ ਨਾਲ ਗੱਲਬਾਤ ’ਚ ਉਨ੍ਹਾਂ ਕਿਹਾ ਕਿ ਇਹ ਮਾਡਲ ਉਨ੍ਹਾਂ ਨੂੰ ਆਸਟ੍ਰੇਲੀਆ ਸਰਕਾਰ ਨੇ ਬਣਾਉਣ ਲਈ ਕਿਹਾ ਸੀ। ਇਸ ਤੋਂ ਪਹਿਲਾਂ ਵੀ ਆਪਣੀ ਵਿਸ਼ੇਸ਼ ਅਤੇ ਨਿਵੇਕਲੀ ਕਲਾ ਸਦਕਾ ਆਸਟ੍ਰੇਲੀਆ ਸਰਕਾਰ ਵੱਲੋਂ ਉਨ੍ਹਾਂ ਨੂੰ ਆਸਟ੍ਰੇਲੀਆ ਦੀ ਪਾਰਲੀਮੈਂਟ ਵਿਚ ਪੇਪਰ ਵਰਕ ਦੀ ਜਿੰਮੇਵਾਰੀ ਦਿੱਤੀ ਗਈ ਸੀ, ਜਿਸ ਨੂੰ ਉਨ੍ਹਾਂ ਨੇ ਬਾਖੂਬੀ ਨਿਭਾਇਆ। ਇਸ ਕੰਮ ਲਈ ਉਨ੍ਹਾਂ ਨੂੰ ਆਸਟ੍ਰੇਲੀਅਨ ਸਰਕਾਰ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ। ਗੁਰਪ੍ਰੀਤ ਸਿੰਘ ਵੱਲੋਂ ਤਿਆਰ ਕੀਤੇ ਅਜਿਹੇ ਕਈ ਮਾਡਲ ਇੰਗਲੈਂਡ, ਕੈਨੇਡਾ, ਸਿੰਗਾਪੁਰ ਸਮੇਤ ਕਈ ਦੇਸ਼ਾਂ ਵਿੱਚ ਪ੍ਰਦਰਸ਼ਿਤ ਕੀਤੇ ਜਾ ਚੁੱਕੇ ਹਨ।