ਮੈਲਬਰਨ: ਸਾਊਥ ਆਸਟ੍ਰੇਲੀਆ ‘ਚ ਗਿਊਲਰ ਤੋਂ ਕਰੀਬ 20 ਕਿਲੋਮੀਟਰ ਉੱਤਰ ‘ਚ ਇਕ ਟਰੱਕ ਅਤੇ ਯੂਟ ਦੀ ਟੱਕਰ ਕਾਰਨ ਦੋ ਬਜ਼ੁਰਗਾਂ ਦੀ ਮੌਤ ਹੋ ਗਈ। ਦੋਵੇਂ ਗੱਡੀਆਂ ਸ਼ੁੱਕਰਵਾਰ ਦੁਪਹਿਰ 2 ਵਜੇ ਤੋਂ ਠੀਕ ਪਹਿਲਾਂ ਓਵੇਨ ਰੋਡ, ਮਗਡਾਲਾ ‘ਤੇ ਹਾਦਸਾਗ੍ਰਸਤ ਹੋ ਗਈਆਂ। ਟੱਕਰ ਏਨੀ ਭਿਆਨਕ ਸੀ ਕਿ ਯੂਟ ਟਰੱਕ ਦੇ ਹੇਠਾਂ ਹੀ ਫਸ ਗਈ। SA ਪੁਲਿਸ ਨੇ ਦੱਸਿਆ ਕਿ ਇਲਾਕੇ ਦੇ ਹੀ ਵਸਨੀਕ 67 ਸਾਲ ਦੇ ਮਰਦ ਅਤੇ 63 ਸਾਲ ਦੀ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। 55 ਸਾਲ ਦੇ ਟਰੱਕ ਡਰਾਈਵਰ ਦੇ ਮੋਢੇ ਅਤੇ ਬਾਂਹ ‘ਤੇ ਸੱਟਾਂ ਲੱਗੀਆਂ ਹਨ, ਜਿਸ ਨੇ ਹੋਰ ਡਾਕਟਰੀ ਇਲਾਜ ਲੈਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਕਿਹਾ ਕਿ ਟੱਕਰ ਕਾਰਨ ਬਿਜਲੀ ਦੀਆਂ ਲਾਈਨਾਂ ਵੀ ਟੁੱਟ ਗਈਆਂ। ਹਾਦਸੇ ਕਾਰਨ ਓਵੇਨ ਰੋਡ ਸ਼ੁੱਕਰਵਾਰ ਦੁਪਹਿਰ ਅਤੇ ਸ਼ਾਮ ਦੇ ਬਾਕੀ ਸਮੇਂ ਲਈ ਰੋਇਨਫੇਲਟ ਰੋਡ ਅਤੇ ਮੈਗਡਾਲਾ ਰੋਡ ਦੇ ਵਿਚਕਾਰ ਬੰਦ ਕਰ ਦਿੱਤੀ ਗਈ ਸੀ, ਅਤੇ ਇਸ ਨੂੰ ਰਾਤ 12:30 ਵਜੇ ਤੋਂ ਬਾਅਦ ਹੀ ਆਵਾਜਾਈ ਲਈ ਦੁਬਾਰਾ ਖੋਲ੍ਹਿਆ ਗਿਆ।