ਰੂਸ ਨੇ ਡੇਗਿਆ ਸੀ ਅਜ਼ਰਬਾਈਜਾਨ ਏਅਰਲਾਈਨਜ਼ ਦਾ ਜਹਾਜ਼! ਜਾਣੋ 38 ਲੋਕਾਂ ਦੀ ਜਾਨ ਲੈਣ ਵਾਲੇ ਹਾਦਸੇ ਦੀ ਜਾਂਚ ’ਚ ਕੀ ਆਇਆ ਸਾਹਮਣੇ

ਮੈਲਬਰਨ : ਕਜ਼ਾਕਿਸਤਾਨ ਵਿਚ ਹੋਏ ਭਿਆਨਕ ਹਵਾਈ ਹਾਦਸੇ ਦੀ ਅਜ਼ਰਬਾਈਜਾਨ ਵੱਲੋਂ ਕੀਤੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਰੂਸ ਦੀ ਹਵਾਈ ਰੱਖਿਆ ਪ੍ਰਣਾਲੀ ਵੱਲੋਂ ਦਾਗੀ ਮਿਜ਼ਾਈਲ ਹੀ ਅਜ਼ਰਬਾਈਜਾਨ ਏਅਰਲਾਈਨਜ਼ ਦੀ ਉਡਾਣ 8432 ਨੂੰ ਮਾਰ ਸੁੱਟਣ ਲਈ ਜ਼ਿੰਮੇਵਾਰ ਹੈ। ਬਾਕੂ ਤੋਂ ਰਵਾਨਾ ਹੋਇਆ ਇਹ ਜਹਾਜ਼ ਰੂਸ ਦੇ ਗਰੋਜ਼ਨੀ ਜਾ ਰਿਹਾ ਸੀ ਪਰ ਕਜ਼ਾਖਸਤਾਨ ਦੇ ਅਕਤਾਓ ਨੇੜੇ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ 38 ਲੋਕਾਂ ਦੀ ਮੌਤ ਹੋ ਗਈ ਅਤੇ 29 ਹੋਰ ਜ਼ਖਮੀ ਹੋ ਗਏ।

ਸੂਤਰਾਂ ਮੁਤਾਬਕ ਰੂਸ ਦੀ ਐਂਟੀ-ਏਅਰਕ੍ਰਾਫਟ ਮਿਜ਼ਾਈਲ, ਖਾਸ ਤੌਰ ’ਤੇ ਪੈਂਟਸੀਰ-ਐੱਸ ਬੈਟਰੀ ਨੇ ਗਰੋਜ਼ਨੀ ਦੇ ਨੇੜੇ ਪਹੁੰਚਦੇ ਸਮੇਂ ਇਲੈਕਟ੍ਰਾਨਿਕ ਯੁੱਧ ਪ੍ਰਣਾਲੀਆਂ ਕਾਰਨ ਜਹਾਜ਼ ਦੇ ਸੰਚਾਰ ’ਚ ਵਿਘਨ ਪੈਣ ਤੋਂ ਬਾਅਦ ਜਹਾਜ਼ ਨੂੰ ਨਿਸ਼ਾਨਾ ਬਣਾਇਆ। ਜਹਾਜ਼ ਨੂੰ ਰੂਸ ਵਿਚ ਐਮਰਜੈਂਸੀ ਲੈਂਡਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਇਸ ਦੀ ਬਜਾਏ ਉਸ ਨੂੰ ਕੈਸਪੀਅਨ ਸਾਗਰ ਪਾਰ ਕਰ ਕੇ ਅਕਟਾਊ ਵੱਲ ਉਡਾਣ ਭਰਨ ਦਾ ਨਿਰਦੇਸ਼ ਦਿੱਤਾ ਗਿਆ। ਰੂਸ ਦੀ ਫੈਡਰਲ ਏਅਰ ਟਰਾਂਸਪੋਰਟ ਏਜੰਸੀ ਨੇ ਸ਼ੁਰੂ ਵਿਚ ਇਸ ਹਾਦਸੇ ਲਈ ਪੰਛੀਆਂ ਦੇ ਹਮਲੇ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਪਰ ਮਾਹਰਾਂ ਨੇ ਜਹਾਜ਼ ਦੇ ਪੂਛ ਵਾਲੇ ਹਿੱਸੇ ’ਤੇ ਦਿਖਾਈ ਦੇਣ ਵਾਲੇ ਨੁਕਸਾਨ ਵੱਲ ਇਸ਼ਾਰਾ ਕੀਤਾ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਰੂਸੀ ਹਵਾਈ ਰੱਖਿਆ ਇਸ ਵਿਚ ਸ਼ਾਮਲ ਹੋ ਸਕਦੀ ਹੈ।