ਮੈਲਬਰਨ: ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਵਿਭਾਗ ਨੇ ਟੀਚਰਜ਼ ਲਈ ਵੱਡੀ ਅਪਡੇਟ ਜਾਰੀ ਕਰਦਿਆਂ ਕਿਹਾ ਹੈ ਕਿ ਅੱਜ 1 ਮਈ 2024 ਤੋਂ ਸੈਕੰਡਰੀ ਸਕੂਲ ਦੇ ਟੀਚਰ ਹੁਣ ਐਕਰੇਡੀਟਡ ਇੰਪਲੋਏਅਰ ਰਾਹੀਂ ਨਿਊਜ਼ੀਲੈਂਡ ਦੀ ਸਿੱਧੀ PR ਹਾਸਲ ਕਰ ਸਕਣਗੇ। ਅਪ੍ਰੈਲ ਵਿੱਚ, ਸਰਕਾਰ ਵੱਲੋਂ ਕੀਤੇ ਐਲਾਨ ਅਨੁਸਾਰ ਹੁਣ ਸੈਕੰਡਰੀ ਸਕੂਲ ਦੇ ਟੀਚਰ ਦੇ ਕਿੱਤੇ ਨੂੰ ਨਿਊਜ਼ੀਲੈਂਡ ’ਚ ਭਾਰੀ ਮੰਗ ਵਾਲੀਆਂ ਨੌਕਰੀਆਂ ਦੀ ਗ੍ਰੀਨ ਲਿਸਟ ’ਚ ਪਾ ਦਿੱਤਾ ਗਿਆ ਹੈ ਜਿਸ ਅਧੀਨ ਆਉਣ ਵਾਲੇ ਲੋਕਾਂ ਨੂੰ ਨਿਊਜ਼ੀਲੈਂਡ ਦੀ ਸਿੱਧੀ ਨਾਗਰਿਕਤਾ ਮਿਲ ਜਾਂਦੀ ਹੈ। ਯੋਗ ਵਿਦੇਸ਼ੀ ਸੈਕੰਡਰੀ ਸਕੂਲ ਟੀਚਰ ਹੁਣ ਕਿਸੇ ਐਕਰੀਡੀਟਡ ਇੰਪਲੋਏਅਰ ਵੱਲੋਂ ਰੁਜ਼ਗਾਰ ਦੀ ਪੇਸ਼ਕਸ਼ ’ਤੇ ਨਿਊਜ਼ੀਲੈਂਡ ਦੇ ਬਾਹਰੋਂ ਵੀ ਰੈਜ਼ੀਡੈਂਸੀ ਲਈ ਅਪਲਾਈ ਕਰ ਸਕਦੇ ਹਨ। ਇਸ ਲਈ ਪਹਿਲਾਂ ਨਿਊਜ਼ੀਲੈਂਡ ਵਿੱਚ 2 ਸਾਲਾਂ ਲਈ ਕੰਮ ਕਰਨ ਦੀ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ।