ਔਰਤਾਂ ਵਿਰੁੱਧ ਹਿੰਸਾ ਰੋਕਣ ਲਈ ਫ਼ੈਡਰਲ ਸਰਕਾਰ ਨੇ ਕੀਤੇ ਵੱਡੇ ਐਲਾਨ, ਜਾਣੋ ਨੈਸ਼ਨਲ ਕੈਬਨਿਟ ਦੀ ਮੀਟਿੰਗ ’ਚ ਕੀ ਲਏ ਗਏ ਫ਼ੈਸਲੇ

ਮੈਲਬਰਨ: ਆਸਟ੍ਰੇਲੀਆ ’ਚ ਔਰਤਾਂ ਵਿਰੁਧ ਲਗਾਤਾਰ ਵਧਦੀ ਜਾ ਰਹੀ ਹਿੰਸਾ ਨੂੰ ਠੱਲ੍ਹ ਪਾਉਣ ਲਈ ਅੱਜ ਫ਼ੈਡਰਲ ਸਰਕਾਰ ਦੀ ਨੈਸ਼ਨਲ ਕੈਬਨਿਟ ’ਚ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਅਗਵਾਈ ’ਚ ਹੋਈ ਮੀਟਿੰਗ ਦੌਰਾਨ ‘ਲੀਵਿੰਗ ਵਾਏਲੈਂਸ ਪ੍ਰੋਗਰਾਮ’ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਅਧੀਨ ਲੋਕਾਂ ਨੂੰ ਹਿੰਸਕ ਹੋ ਰਹੇ ਰਿਸ਼ਤਿਆਂ ਤੋਂ ਬਾਹਰ ਨਿਕਲਣ ਲਈ 5 ਹਜ਼ਾਰ ਡਾਲਰ ਦਿੱਤੇ ਜਾਣਗੇ। ਇਸ ਲਈ ਸਰਕਾਰ ਪੰਜ ਸਾਲਾਂ ਵਿੱਚ 9250 ਲੱਖ ਡਾਲਰ ਦਾ ਫ਼ੰਡ ਸਥਾਪਤ ਕਰੇਗੀ, ਜੋ ਲੋਕਾਂ ਨੂੰ ਅਪਮਾਨਜਨਕ ਰਿਸ਼ਤਿਆਂ ਤੋਂ ਬਚਣ ਵਿੱਚ ਮਦਦ ਕਰੇਗਾ। ਹਿੰਸਾ ਤੋਂ ਬਚਣ ਲਈ ਲੋਕਾਂ ਨੂੰ ਵਿੱਤੀ ਮਦਦ ਤੋਂ ਇਲਾਵਾ ਉਨ੍ਹਾਂ ਦਾ ਸੁਰੱਖਿਆ ਮੁਲਾਂਕਣ ਕੀਤਾ ਜਾਵੇਗਾ ਅਤੇ ਅੱਗੇ ਸੁਰੱਖਿਅਤ ਰਹਿਣ ਲਈ ਸਿਫਾਰਸ਼ਾਂ ਵੀ ਕੀਤੀਆਂ ਜਾਣਗੀਆਂ। ਇਹ ਫ਼ੈਸਲਾ ਅਜਿਹੀਆਂ ਰਿਪੋਰਟਾਂ ਤੋਂ ਬਾਅਦ ਆਇਆ ਹੈ ਕਿ ਜ਼ਿਆਦਾ ਹਿੰਸਾ ਦੀਆਂ ਸ਼ਿਕਾਰ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹਨ। ਇਸ ਤੋਂ ਇਲਾਵਾ ਕੈਬਨਿਟ ਨੇ ਡੀਪਫ਼ੇਕ ਅਸ਼ਲੀਲ ਵੀਡੀਉ ਬਣਾਉਣ ਅਤੇ ਫੈਲਾਉਣ ਨੂੰ ਪਾਬੰਦੀਸ਼ੁਦਾ ਕਰਨ ਲਈ ਕਾਨੂੰਨ ਲਿਆਉਣ ਦੀ ਵੀ ਹਮਾਇਤ ਕੀਤੀ ਹੈ।

Leave a Comment