ਮੈਲਬਰਨ: ਸਾਊਥ ਆਸਟ੍ਰੇਲੀਆ ਦੇ ਆਇਰੇ ਹਾਈਵੇ ’ਤੇ ਭਿਆਨਕ ਹਾਦਸੇ ਦਾ ਸ਼ਿਕਾਰ ਪੰਜਾਬੀ ਮੂਲ ਦੇ ਡਰਾਈਵਰ ਯਾਦਵਿੰਦਰ ਸਿੰਘ ਭੱਟੀ ਦੀ ਪਤਨੀ ਨੇ ਕਿਹਾ ਕਿ ਉਸ ਦੀ ਅਚਾਨਕ ਮੌਤ ਨਾਲ ਉਸ ਦੇ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਹੈ। ਉਨ੍ਹਾਂ ਯਾਦਵਿੰਦਰ ਦੇ ਸਸਕਾਰ ’ਤੇ ਆਉਣ ਵਾਲੇ ਭਾਰੀ ਖ਼ਰਚ ’ਚ ਮਦਦ ਦੇਣ ਲਈ ਲੋਕਾਂ ਨੂੰ ਭਾਵੁਕ ਅਪੀਲ ਕੀਤੀ ਹੈ।
ਵੀਰਵਾਰ ਸਵੇਰੇ ਕਰੀਬ 6:45 ਵਜੇ ਨੂਲਰਬਰ ਨਦੀ ਦੇ ਕਿਨਾਰੇ ਯਾਲਟਾ ਤੋਂ ਕਰੀਬ 27 ਕਿਲੋਮੀਟਰ ਪੱਛਮ ‘ਚ ਆਇਰੇ ਹਾਈਵੇ ‘ਤੇ ਹਾਦਸੇ ਵਾਲੀ ਥਾਂ ‘ਤੇ ਦੋ ਪੰਜਾਬੀ ਮੂਲ ਦੇ ਡਰਾਈਵਰਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਯਾਦਵਿੰਦਰ ਸਿੰਘ ਭੱਟੀ (45) ਅਤੇ ਪੰਕਜ (25) ਐਡੀਲੇਡ ਤੋਂ ਪਰਥ ਲਈ ਟਰੱਕ ‘ਤੇ ਸਾਮਾਨ ਲੈ ਕੇ ਜਾ ਰਹੇ ਸੀ ਤਾਂ ਰਸਤੇ ‘ਚ ਯਾਲਟਾ ਨਾਂ ਦੇ ਕਸਬੇ ਨੇੜੇ ਇੱਕ ਹੋਰ ਟਰੱਕ ਨਾਲ ਆਹਮੋ-ਸਾਹਮਣੇ ਟਰੱਕ ਨਾਲ ਟੱਕਰ ਹੋ ਗਈ। ਇਹ ਦਿਲ ਕੰਬਾਊ ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕਾਂ ਨੂੰ ਅੱਗ ਲੱਗ ਜਾਣ ਕਾਰਨ ਉਸ ਵਿੱਚ ਸਵਾਰ ਦੋਵੇਂ ਪੰਜਾਬੀ ਡਰਾਈਵਰ ਬੁਰੀ ਤਰ੍ਹਾਂ ਝੁਲਸ ਗਏ। ਨੇੜਿਉਂ ਲੰਘ ਰਹੇ ਡਰਾਈਵਰਾਂ ਨੇ ਕਿਹਾ ਕਿ ਉਹ ਟਰੱਕਾਂ ਨੂੰ ਅੱਗ ਲੱਗੀ ਵੇਖਣ ਤੋਂ ਇਲਾਵਾ ਕੁਝ ਨਹੀਂ ਕਰ ਸਕੇ। ਮ੍ਰਿਤਕਾਂ ਦੀਆਂ ਦੇਹਾਂ ਇਸ ਹੱਦ ਤੱਕ ਝੁਲਸ ਗਈਆਂ ਸਨ ਕਿ ਪਛਾਣ ਲਈ DNA ਟੈਸਟ ਦੀ ਜ਼ਰੂਰਤ ਪਈ।
ਮ੍ਰਿਤਕ ਯਾਦਵਿੰਦਰ ਸਿੰਘ ਭੱਟੀ ਮੌਜੂਦਾ ਸਮੇਂ ਮੈਲਬਰਨ ਦੇ ਇਲਾਕੇ ਐਂਟਰੀ ਵੁੱਡਲੀ ‘ਚ ਰਹਿ ਰਿਹਾ ਸੀ ਤੇ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਭਟਨੂਰਾ ਕਲਾਂ ਨਾਲ ਸਬੰਧਤ ਸੀ। ਯਾਦਵਿੰਦਰ ਸਿੰਘ ਭੱਟੀ ਦੀ ਪਤਨੀ ਰਮਨਦੀਪ ਕੌਰ ਭੱਟੀ ਨੇ ਕਿਹਾ ਹੈ ਕਿ ਉਸ ਦਾ ਪਰਿਵਾਰ ਇਸ ਹਾਦਸੇ ਲਈ ਬਿਲਕੁਲ ਤਿਆਰ ਨਹੀਂ ਸੀ ਅਤੇ ਉਸ ਨੂੰ ਹੁਣ ਆਪਣੇ ਪਤੀ ਦੇ ਸਸਕਾਰ ਲਈ ਵੀ ਮਦਦ ਦੀ ਜ਼ਰੂਰਤ ਹੈ। ਉਸ ਨੇ gofundme ’ਤੇ ਲੋਕਾਂ ਤੋਂ 80 ਹਜ਼ਾਰ ਡਾਲਰ ਦੀ ਮਦਦ ਮੰਗੀ ਹੈ ਜਿਸ ’ਚ ਹੁਣ ਤਕ ਲਗਭਗ 66 ਹਜ਼ਾਰ ਡਾਲਰ ਇਕੱਠੇ ਹੋ ਸਕੇ ਹਨ। ਆਪਣੇ ਭਾਵੁਕ ਸੰਦੇਸ਼ ’ਚ ਉਸ ਨੇ ਕਿਹਾ, ‘‘ਯਾਦਵਿੰਦਰ ਸਫ਼ਰ ’ਤੇ ਜਾਣ ਲਈ ਜਦੋਂ ਘਰੋਂ ਨਿਕਲ ਰਿਹਾ ਸੀ ਤਾਂ ਸਾਰਿਆਂ ਨੂੰ ਚੁੰਮ ਕੇ ਗਿਆ ਸੀ, ਪਰ ਉਦੋਂ ਤਕ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਉਹ ਕਦੇ ਵਾਪਸ ਨਹੀਂ ਆਉਣ ਵਾਲਾ। ਉਨ੍ਹਾਂ ਦੇ ਅਚਾਨਕ ਦਿਹਾਂਤ ਨੇ ਸਾਨੂੰ ਦਿਖਾਇਆ ਹੈ ਕਿ ਆਪਣੇ ਪਿਆਰਿਆਂ ਨਾਲ ਹਰ ਪਲ, ਹਰ ਸਕਿੰਟ ਨੂੰ ਸੰਭਾਲਣਾ ਅਤੇ ਅਨੰਦ ਲੈਣਾ ਕਿੰਨਾ ਮਹੱਤਵਪੂਰਨ ਹੈ, ਜਿਵੇਂ ਕਿ ਉਹ ਕਰਦੇ ਸਨ, ਅਤੇ ਮੈਨੂੰ ਉਮੀਦ ਹੈ ਕਿ ਇਹ ਸਾਨੂੰ ਸਿਖਾਏਗਾ ਕਿ ਸਾਡੇ ਆਲੇ-ਦੁਆਲੇ ਦੇ ਲੋਕਾਂ ਦੀਆਂ ਯਾਦਾਂ ਨੂੰ ਹਮੇਸ਼ਾ ਲਈ ਕਿਵੇਂ ਜਿਉਂਦਾ ਰੱਖਣਾ ਹੈ, ਜਿਨ੍ਹਾਂ ਨੂੰ ਅਸੀਂ ਸਭ ਤੋਂ ਵੱਧ ਪਿਆਰ ਕਰਦੇ ਹਾਂ। ਉਨ੍ਹਾਂ ਦੀ ਮੁਸਕਾਨ, ਨਰਮ ਸੁਭਾਅ ਅਤੇ ਪਿਆਰ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।’’ ਉਨ੍ਹਾਂ ਅੱਗੇ ਕਿਹਾ, ‘‘ਉਨ੍ਹਾਂ ਦੀ ਮੌਤ ਨਾਲ ਉਨ੍ਹਾਂ ’ਤੇ ਨਿਰਭਰ ਪੰਜ ਜਣਿਆਂ ਦੇ ਪਰਿਵਾਰ ਦਾ ਭਵਿੱਖ ਧੁੰਦਲਾ ਹੋ ਗਿਆ ਹੈ।’’ ਮ੍ਰਿਤਕ ਆਪਣੇ ਪਿੱਛੇ ਪਤਨੀ ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਿਆ ਹੈ। ਯਾਦਵਿੰਦਰ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੇ ਮਾਤਾ ਯਾਦਵਿੰਦਰ ਸਿੰਘ ਦੇ ਨਾਲ ਹੀ ਰਹਿੰਦੇ ਹਨ।
ਯਾਦਵਿੰਦਰ ਸਿੰਘ ਨਾਲ ਦੂਜਾ ਡਰਾਈਵਰ ਪੰਕਜ ਮੈਲਬੌਰਨ ਦੇ ਇਲਾਕੇ ਟਾਰਨੇਟ ਦਾ ਵਸਨੀਕ ਦੱਸਿਆ ਜਾਂਦਾ ਹੈ ਅਤੇ ਉਸ ਨੂੰ ਆਸਟ੍ਰੇਲੀਆ ਆਏ ਨੂੰ ਜ਼ਿਆਦਾ ਸਮਾਂ ਨਹੀਂ ਹੋਇਆ। ਕੁਝ ਸਮਾਂ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਦੂਜੇ ਟਰੱਕ ਵਿੱਚ ਸਲਿਮ ਨਾਂ ਦਾ ਇੱਕ 71 ਸਾਲ ਦਾ ਗੋਰਾ ਡਰਾਈਵਰ ਸਵਾਰ ਸੀ।