ਮੈਲਬਰਨ ਸ਼ੋਅ ਮਗਰੋਂ ‘ਟਰੋਲਰਾਂ’ ਨੂੰ ਗਾਇਕਾ ਨੇਹਾ ਕੱਕੜ ਨੇ ਦਿੱਤਾ ਜਵਾਬ, ਦਸਿਆ ਦੇਰ ਨਾਲ ਆਉਣ ਦਾ ਅਸਲ ਕਾਰਨ

ਮੈਲਬਰਨ : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਕੁੱਝ ਦਿਨ ਪਹਿਲਾਂ ਹੀ ਮੈਲਬਰਨ ’ਚ ਹੋਏ ਇੱਕ ਸੰਗੀਤ ਸਮਾਰੋਹ ਵਿੱਚ 3 ਘੰਟੇ ਦੇਰੀ ਨਾਲ ਪਹੁੰਚਣ ਲਈ ਬੇਰਹਿਮੀ ਨਾਲ ਟ੍ਰੋਲ ਜਾ ਰਿਹਾ ਸੀ। ਸ਼ੋਅ ਵੇਖਣ ਲਈ ਆਏ ਲੋਕਾਂ ਨੂੰ ਲੰਮੇ ਸਮੇਂ ਤਕ ਉਡੀਕ ਕਰਵਾਉਂਦੇ ਰਹਿਣ ਲਈ ਸਟੇਜ ’ਤੇ ਪਹੁੰਚਣ ਸਾਰ ਹੀ ਉਸ ਵਿਰੁਧ ਲੋਕਾਂ ਦਾ ਗੁੱਸਾ ਏਨਾ ਵੱਧ ਗਿਆ ਸੀ ਕਿ ਉਹ ਰੋਣ ਵੀ ਲੱਗ ਪਈ ਸੀ। ਪਰ ਕੁੱਝ ਲੋਕਾਂ ਨੇ ਇਸ ਨੂੰ ਸਿਰਫ਼ ਡਰਾਮਾ ਕਰਾਰ ਦਿੱਤਾ ਸੀ। ਹਾਲਾਂਕਿ ਉਸ ਦੇ ਦੇਰ ਨਾਲ ਆਉਣ ਦੇ ਕਾਰਨਾਂ ਦਾ ਪਤਾ ਹੁਣ ਲੱਗਾ ਹੈ ਜਦੋਂ ਉਸ ਨੇ ਸੋਸ਼ਲ ਮੀਡੀਆ ’ਤੇ ਲੰਮੀ ਪੋਸਟ ਪਾਸ ਕੇ ਆਪਣੀ ਹੱਡਬੀਤੀ ਬਿਆਨ ਕੀਤੀ।

ਮੈਲਬਰਨ ਸੰਗੀਤ ਸਮਾਰੋਹ ’ਚ 3 ਘੰਟੇ ਦੇਰੀ ਨਾਲ ਪਹੁੰਚਣ ਨੂੰ ਲੈ ਕੇ ਪੈਦਾ ਹੋਏ ਵਿਵਾਦ ’ਤੇ ਪਹਿਲੀ ਵਾਰੀ ਬੋਲਦਿਆਂ ਨੇਹਾ ਨੇ ਖੁਲਾਸਾ ਕੀਤਾ ਹੈ ਕਿ ਪ੍ਰਬੰਧਕ ਉਨ੍ਹਾਂ ਦੀ ਪੇਮੈਂਟ ਲੈ ਕੇ ਭੱਜ ਗਏ ਸਨ ਅਤੇ ਉਨ੍ਹਾਂ ਦੇ ਬੈਂਡ ਨੂੰ ਭੋਜਨ ਅਤੇ ਪਾਣੀ ਵਰਗੀਆਂ ਬੁਨਿਆਦੀ ਜ਼ਰੂਰਤਾਂ ਵੀ ਉਨ੍ਹਾਂ ਦੇ ਪਤੀ ਨੇ ਆਪਣੀ ਜੇਬ੍ਹ ’ਚੋਂ ਖ਼ਰਚ ਕਰ ਕੇ ਮੁਹੱਈਆ ਕਰਵਾਈਆਂ। ਉਸ ਨੇ ਕਿਹਾ ਕਿ ਮੈਲਬਰਨ ’ਚ ਸ਼ੋਅ ਉਸ ਨੇ ਮੁਫ਼ਤ ’ਚ ਸਿਰਫ਼ ਆਪਣੇ ਪ੍ਰਸ਼ੰਸਕਾਂ ਦੇ ਪਿਆਰ ਲਈ ਕੀਤਾ ਸੀ। ਚੁਣੌਤੀਆਂ ਦੇ ਬਾਵਜੂਦ, ਨੇਹਾ ਕੱਕੜ ਨੇ ਮੁਫਤ ਸ਼ੋਅ ਕੀਤਾ ਅਤੇ ਆਪਣੇ ਪ੍ਰਸ਼ੰਸਕਾਂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਦਾ ਬਚਾਅ ਕੀਤਾ ਅਤੇ ਸਥਿਤੀ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਆਪਣੇ ਪ੍ਰਸ਼ੰਸਕਾਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦੀ ਹੈ।

ਨੇਹਾ ਕੱਕੜ ਦੀ ਸਫ਼ਾਈ ਤੋਂ ਬਾਅਦ ਉਸ ਦੇ ਪਤੀ ਰੋਹਨਪ੍ਰੀਤ ਸਿੰਘ ਨੇ ਵੀ ਬਿਆਨ ਜਾਰੀ ਕਰ ਕੇ ਪ੍ਰਸ਼ੰਸਕਾਂ ਨੂੰ ਅਸਲ ਸੱਚਾਈ ਜਾਣੇ ਬਗੈਰ ਕਿਸੇ ਫੈਸਲੇ ਤਕ ਨਾ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘‘ਮੇਰੀ ਪਤਨੀ ਅਤੇ ਬੈਂਡ ਮਾਣ ਦਾ ਪਾਤਰ ਹੈ, ਜੋ ਏਨੀਆਂ ਔਕੜਾਂ ਦੇ ਬਾਵਜੂਦ ਸਟੇਜ ’ਤੇ ਗਿਆ।’’