ਮੈਲਬਰਨ: ਆਸਟ੍ਰੇਲੀਆ ’ਚ ਇਸ ਹਫ਼ਤੇ ਦੋ ਔਰਤਾਂ ਲੱਖਾਂ ਦੀ ਲਾਟਰੀ ਜਿੱਤਣ ’ਚ ਕਾਮਯਾਬ ਰਹੀਆਂ। ਇਨ੍ਹਾਂ ’ਚੋਂ ਇੱਕ ਨਿਊ ਸਾਊਥ ਵੇਲਜ਼ (NSW) ਦੀ ਵਾਸੀ ਹੈ ਜਿਸ ਨੇ ਦੋ ਕਰੋੜ ਡਾਲਰ ਦੀ ਲਾਟਰੀ ਜਿੱਤੀ ਹੈ। ਵੀਰਵਾਰ ਰਾਤ ਨੂੰ ਇੱਕੋ-ਇੱਕ ਡਿਵੀਜ਼ਨ 1 ਜੇਤੂ ਨੇ ਇਹ ਪਾਵਰਬਾਲ ਟਿਕਟ ਗੋਲਡਸਟੋਨ ਨਿਊਜ਼ਏਜੰਸੀ ਐਂਡ ਜਨਰਲ ਸਟੋਰ ’ਚੋਂ ਖ਼ਰੀਦੀ ਸੀ। ਅਧਿਕਾਰੀਆਂ ਨੂੰ ਉਸ ਨੇ ਦੱਸਿਆ ਕਿ ਸਵੇਰੇ-ਸਵੇਰੇ ਉਠ ਕੇ ਜਦੋਂ ਉਸ ਨੇ ਨਤੀਜਾ ਵੇਖਿਆ ਤਾਂ ਪਹਿਲਾਂ-ਪਹਿਲ ਉਸ ਨੂੰ ਲੱਗਾ ਕਿ ਉਸ ਨੇ 20 ਹਜ਼ਾਰ ਡਾਲਰ ਦੀ ਲਾਟਰੀ ਜਿੱਤੀ ਹੈ, ਪਰ ਜਦੋਂ ਉਸ ਨੇ ਆਪਣੇ ਪਰਵਾਰ ਨੂੰ ਇਹ ਗੱਲ ਦੱਸੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ 20 ਹਜ਼ਾਰ ਡਾਲਰ ਨਹੀਂ ਬਲਕਿ 20 ਮਿਲੀਅਨ (2 ਕਰੋੜ) ਡਾਲਰ ਦੀ ਲਾਟਰੀ ਲੱਖ ਹੈ। ਏਨਾ ਇਨਾਮ ਜਿੱਤਣ ਤੋਂ ਬਾਅਦ ਉਸ ਦੀਆਂ ਯੋਜਨਾਵਾਂ ਨਵਾਂ ਘਰ ਖ਼ਰੀਦਣ ਅਤੇ ਦੁਨੀਆਂ ਦੀ ਸੈਰ ਕਰਨ ਦੀਆਂ ਹਨ।
ਦੂਜੀ ਜੇਤੂ ਸਾਊਥ ਆਸਟ੍ਰੇਲੀਆ ’ਚ ਸਥਿਤ ਐਡੀਲੇਡ ਦੇ ਸਬਅਰਬ ਪਾਰਾਲੋਈ ਦੀ ਬਜ਼ੁਰਗ ਔਰਤ ਹੈ ਜਿਸ ਨੇ ਕੇਨੋ ’ਤੇ 22 ਲੱਖ ਡਾਲਰ ਦੀ ਲਾਟਰੀ ਜਿੱਤੀ। ਉਸ ਨੇ ਇਹ ਟਿਕਟ ਪੈਰਾਲੋਈ ਵਿਲੇਜ ਲਾਟਰੀਜ਼ ’ਚ ਖ਼ਰੀਦੀ ਸੀ, ਜਿੱਥੇ ਉਹ ਕਈ ਸਾਲਾਂ ਤੋਂ ਹਰ ਹਫ਼ਤੇ ਇੱਕ ਹੀ ਨੰਬਰ ਦੀਆਂ ਲਾਟਰੀਆਂ ਖ਼ਰੀਦ ਰਹੀ ਸੀ। ਏਨੀ ਰਕਮ ਜਿੱਤਣ ਤੋਂ ਬਾਅਦ ਉਸ ਦਾ ਇਰਾਦਾ ਇਸ ਨੂੰ ਜ਼ਰੂਰਤਮੰਦਾਂ ਦੀ ਮਦਦ ਕਰਨ, ਆਪਣੇ ਬੱਚਿਆਂ ਨੂੰ ਵੰਡਣ ਅਤੇ ਇੱਕ ਨਵਾਂ ਘਰ ਖ਼ਰੀਦਣ ਦਾ ਹੈ।