ਮੈਲਬਰਨ: ਆਸਟ੍ਰੇਲੀਆ ’ਚ ਮੂਲ ਵਾਸੀਆਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਵਾਲੀ ਲੋਵਿਟਜਾ ਓ’ਡੋਨੋਗੁਏ ਦਾ ਐਡੀਲੇਡ ਵਿੱਚ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਸੰਯੁਕਤ ਰਾਸ਼ਟਰ ਨੂੰ ਸੰਬੋਧਨ ਕਰਨ ਵਾਲੀ ਪਹਿਲੀ ਮੂਲਵਾਸੀ ਵਿਅਕਤੀ ਸਨ ਅਤੇ ਉਨ੍ਹਾਂ ਨੇ ਨੇਟਿਵ ਟਾਈਟਲ ਕਾਨੂੰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ। ਉਨ੍ਹਾਂ ਦੀ ਭਤੀਜੀ ਦੇਬ ਐਡਵਰਡਜ਼ ਨੇ ਦੱਸਿਆ ਕਿ ਓ’ਡੋਨੋਗੁਏ ਦਾ ਐਡੀਲੇਡ ਦੇ ਕਾਊਮਾ ਕੰਟਰੀ ’ਚ ਸ਼ਾਂਤੀਪੂਰਵਕ ਦਿਹਾਂਤ ਹੋ ਗਿਆ। ਉਨ੍ਹਾਂ ਨੇ ਆਪਣਾ ਜੀਵਨ ਮੂਲਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਦੇ ਅਧਿਕਾਰਾਂ, ਸਿਹਤ ਅਤੇ ਤੰਦਰੁਸਤੀ ਲਈ ਸਮਰਪਿਤ ਕਰ ਦਿੱਤਾ, ਉਨ੍ਹਾਂ ਲਈ ਰਸਤੇ ਬਣਾਉਣ, ਦਰਵਾਜ਼ੇ ਖੋਲ੍ਹਣ, ਮੁੱਦਿਆਂ ਨਾਲ ਨਜਿੱਠਣ ਅਤੇ ਦਲੀਲਾਂ ਜਿੱਤਣ ਲਈ ਕੰਮ ਕਰਦੇ ਰਹੇ। ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ, ਓ’ਡੋਨੋਗਹੂ ਨੂੰ 1984 ਵਿੱਚ ‘ਆਸਟ੍ਰੇਲੀਆਈ ਆਫ ਦਿ ਈਅਰ’ ਚੁਣਿਆ ਗਿਆ ਸੀ।