ਮੈਲਬਰਨ: ਆਸਟ੍ਰੇਲੀਆ ਦੇ ਫੈਡਰਲ ਟਰਾਂਸਪੋਰਟ ਵਿਭਾਗ ਨੇ 500 ਤੋਂ ਵੱਧ ਨਵੇਂ ਐਡੀਸ਼ਨ ਦੀਆਂ ਟੈਸਲਾ ਮਾਡਲ 3s ਕਾਰਾਂ ਨੂੰ ਵਾਪਸ ਬੁਲਾਇਆ ਹੈ ਕਿਉਂਕਿ ਗੱਡੀਆਂ ਦੇ ਚਾਈਲਡ ਸੀਟ ਕਨੈਕਸ਼ਨ ਵਿੱਚ ਵਿਵਾਦਪੂਰਨ ਤਬਦੀਲੀ ਕੀਤੀ ਗਈ ਹੈ। ਇਸ ਤਬਦੀਲੀ ਦੇ ਨਤੀਜੇ ਵਜੋਂ ਆਸਟ੍ਰੇਲੀਆ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ (ANCAP) ਨੇ ਆਸਟ੍ਰੇਲੀਆ ਵਿੱਚ ਗੱਡੀਆਂ ਨੂੰ ਸੁਰੱਖਿਆ ਰੇਟਿੰਗ ਦੇਣ ਤੋਂ ਇਨਕਾਰ ਕਰ ਦਿੱਤਾ, ਹਾਲਾਂਕਿ ਇਸ ਤੋਂ ਪਹਿਲੇ ਮਾਡਲ ਦੀਆਂ ਗੱਡੀਆਂ ਨੂੰ ਪੰਜ ਸਿਤਾਰਾ ਰੇਟਿੰਗ ਸੀ।
ਨਵੇਂ ਡਿਜ਼ਾਈਨ ਕੀਤੇ ਗਏ ਮਾਡਲ 3, ਜੋ ਦਸੰਬਰ ਵਿੱਚ ਆਸਟ੍ਰੇਲੀਆ ਪਹੁੰਚਣਾ ਸ਼ੁਰੂ ਹੋਇਆ ਸੀ, ’ਚ ਕਾਰ ਦੇ ਪਿਛਲੇ ਪਾਸੇ ਇੱਕ ਪੈਨਲ ਦੇ ਹੇਠਾਂ ਬਾਲ ਸੁਰੱਖਿਆ ਸੀਟ ਐਂਕੋਰੇਜ ਪੁਆਇੰਟ ਰੱਖਿਆ ਗਿਆ ਸੀ। ਹਾਲਾਂਕਿ, ਆਸਟ੍ਰੇਲੀਆਈ ਡਿਜ਼ਾਈਨ ਨਿਯਮਾਂ ਅਨੁਸਾਰ ਕਾਰਾਂ ਵਿੱਚ ਐਂਕਰ ਅਜਿਹੀ ਥਾਂ ਹੋਣੇ ਚਾਹੀਦੇ ਹਨ ਜਿਨ੍ਹਾਂ ਤਕ ਸਿੱਧੀ ਪਹੁੰਚ ਹੋਣੀ ਚਾਹੀਦੀ ਹੈ। ਇਸ ਤਬਦੀਲੀ ਨੇ ਕਾਰਾਂ ਨੂੰ ਇਨ੍ਹਾਂ ਨਿਯਮਾਂ ਦੀ ਉਲੰਘਣਾ ਵਿੱਚ ਪਾ ਦਿੱਤਾ।